Khanna News: ਸਮਰਾਲਾ ਦੇ ਪਿੰਡ ਜਟਾਣਾ ਦੇ ਇਕ ਨੌਜਵਾਨ ਨੇ ਨਹਿਰ ਵਿਚ ਛਾਲ ਮਾਰ ਦਿੱਤੀ। ਮਾਮਲਾ ਸਕੂਲ ਦੀ ਹੀ ਇਕ ਅਧਿਆਪਕਾ ਨਾਲ ਪ੍ਰੇਮ ਸੰਬੰਧਾਂ ਦਾ ਦੱਸਿਆ ਜਾ ਰਿਹਾ ਹੈ। ਨਹਿਰ ’ਚ ਰੁੜ੍ਹੇ ਨੌਜਵਾਨ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਅਧਿਆਪਕਾ ਦਾ ਪਤੀ ਅਤੇ ਦਿਉਰ ਉਨ੍ਹਾਂ ਦੇ ਬੇਟੇ ਨੂੰ ਧਮਕੀਆਂ ਦੇ ਰਹੇ ਸਨ, ਜਿਸ ਕਾਰਨ ਡਰ ਦੇ ਮਾਰੇ ਕਰਨਪ੍ਰੀਤ ਸਿੰਘ (19) ਨੇ ਨਹਿਰ ਵਿਚ ਛਾਲ ਮਾਰ ਦਿੱਤੀ। ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਣਧੀਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਕਰਨਪ੍ਰੀਤ ਸਿੰਘ ਪਿੰਡ ਦੇ ਸਰਕਾਰੀ ਸਕੂਲ ਵਿਚ ਪੜ੍ਹਦਾ ਸੀ। ਹਾਲ ਹੀ ਵਿਚ 12ਵੀਂ ਪਾਸ ਕੀਤੀ ਹੈ।
ਇਸ ਘਟਨਾ ਤੋਂ ਬਾਅਦ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਕਰਨਪ੍ਰੀਤ ਸਿੰਘ ਦੇ ਸਕੂਲ ਦੀ ਇਕ ਅਧਿਆਪਕਾ ਨਾਲ ਪ੍ਰੇਮ ਸੰਬੰਧ ਸਨ, ਜਿਸ ਨੂੰ ਲੈ ਕੇ ਅਧਿਆਪਕਾ ਦੇ ਪਰਿਵਾਰ ਨੂੰ ਪਤਾ ਲੱਗ ਗਿਆ ਤਾਂ ਅਧਿਆਪਕਾ ਦਾ ਪਤੀ ਅਤੇ ਦਿਉਰ ਉਸਦੇ ਲੜਕੇ ਕਰਨਪ੍ਰੀਤ ਸਿੰਘ ਨੂੰ ਕਈ ਦਿਨਾਂ ਤੋਂ ਫ਼ੋਨ ’ਤੇ ਧਮਕੀਆਂ ਦੇ ਰਹੇ ਸਨ। ਜਿਸ ਦੀ ਰਿਕਾਰਡਿੰਗ ਪੁਲਿਸ ਨੂੰ ਦੇ ਦਿੱਤੀ ਗਈ ਹੈ। ਕਰਨਪ੍ਰੀਤ ਸਿੰਘ ਆਪਣੇ ਰਿਸ਼ਤੇਦਾਰ ਨਾਲ ਮੋਟਰਸਾਈਕਲ ’ਤੇ ਪਿੰਡ ਕੋਟ ਗੰਗੁਰਾਏ ਤੋਂ ਪਿੰਡ ਜਟਾਣਾ ਆ ਰਿਹਾ ਸੀ। ਕਟਾਣੀ ਨਹਿਰ ਦੇ ਪੁਲ ਨੇੜੇ ਕਰਨਪ੍ਰੀਤ ਨੇ ਮੋਟਰਸਾਈਕਲ ਤੋਂ ਛਾਲ ਮਾਰ ਕੇ ਨਹਿਰ ਵਿਚ ਛਾਲ ਮਾਰ ਦਿੱਤੀ। ਇਸ ਸੰਬੰਧੀ ਥਾਣਾ ਕਟਾਣੀ ਚੌਕੀ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਫਿਲਹਾਲ ਦੋਰਾਹਾ ਨਹਿਰ ’ਚ ਕਰਨਪ੍ਰੀਤ ਦੀ ਭਾਲ ਜਾਰੀ ਹੈ।
ਹਿੰਦੂਸਥਾਨ ਸਮਾਚਾਰ