New Delhi: ਮਾਈਕ੍ਰੋਸਾਫਟ ਸਰਵਰ ’ਚ ਖਰਾਬੀ ਹੋਣ ਕਾਰਨ ਦੁਨੀਆ ਭਰ ‘ਚ ਉਡਾਣਾਂ ‘ਚ ਵਿਘਨ ਪਿਆ ਹੈ ਅਤੇ ਬੈਂਕਾਂ ‘ਚ ਕੰਮਕਾਜ ਠੱਪ ਹੋ ਗਿਆ ਹੈ। ਮਾਈਕ੍ਰੋਸਾਫਟ ਦੇ ਸਰਵਰ ਦੇ ਠੱਪ ਹੋਣ ਤੋਂ ਬਾਅਦ ਯੂਕੇ ਦਾ ਸਕਾਈ ਨਿਊਜ਼ ਆਫ ਏਅਰ ਹੋ ਗਿਆ ਹੈ। ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ‘ਚ ਮਾਈਕ੍ਰੋਸਾਫਟ ਵਿੰਡੋਜ਼ ਯੂਜ਼ਰਸ ਨੂੰ ਸ਼ੁੱਕਰਵਾਰ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਜ਼ਿਆਦਾਤਰ ਉਪਭੋਗਤਾਵਾਂ ਨੂੰ ਆਪਣੇ ਕੰਪਿਊਟਰਾਂ ‘ਤੇ ਵਿੰਡੋਜ਼ ਦਾ ਸਿਗਨੇਚਰ ‘ਬਲੂ ਸਕ੍ਰੀਨ ਆਫ ਡੈਥ’ (ਬੀਐਸਓਡੀ) ਐਰਰ ਦੇਖਣ ਨੂੰ ਮਿਲਿਆ ਹੈ। ਇਸ ਨੇ ਹਵਾਈ ਅੱਡਿਆਂ, ਟੈਲੀਵਿਜ਼ਨ ਨਿਊਜ਼ ਸਟੇਸ਼ਨਾਂ ਅਤੇ ਵਿੱਤੀ ਸੰਸਥਾਵਾਂ ਸਮੇਤ ਕਈ ਉਦਯੋਗਾਂ ਨੂੰ ਪ੍ਰਭਾਵਿਤ ਕੀਤਾ ਹੈ। ਮਾਈਕ੍ਰੋਸਾਫਟ ਕਾਰਪੋਰੇਸ਼ਨ ਦੀਆਂ ਕਲਾਊਡ ਸੇਵਾਵਾਂ ਵਿੱਚ ਤਕਨੀਕੀ ਸਮੱਸਿਆ ਕਾਰਨ ਅੱਜ ਭਾਰਤ ਸਮੇਤ ਦੁਨੀਆ ਭਰ ਵਿੱਚ ਵੱਡੇ ਪੱਧਰ ’ਤੇ ਉਡਾਣਾਂ ਪ੍ਰਭਾਵਿਤ ਹੋਈਆਂ। ਇਸ ਤੋਂ ਇਲਾਵਾ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿਚ ਬੈਂਕ ਸੇਵਾਵਾਂ ਵਿਚ ਵਿਘਨ ਪਿਆ ਹੈ। ਇਸ ਦੇ ਨਾਲ ਹੀ ਕੁਝ ਫਲਾਈਟਾਂ ਨੂੰ ਰੱਦ ਕਰਨਾ ਪਿਆ ਅਤੇ ਕੁਝ ਫਲਾਈਟਾਂ ‘ਚ ਦੇਰੀ ਹੋਈ, ਜਦਕਿ ਬੁਕਿੰਗ ਅਤੇ ਚੈੱਕ-ਇਨ ਵੀ ਸੰਭਵ ਨਹੀਂ ਹੋ ਰਿਹਾ।
ਅਕਾਸਾ ਏਅਰਲਾਈਨਜ਼ ਨੇ ਕਿਹਾ ਕਿ ਉਸ ਦੀਆਂ ਕੁਝ ਆਨਲਾਈਨ ਸੇਵਾਵਾਂ ਮੁੰਬਈ ਅਤੇ ਦਿੱਲੀ ਹਵਾਈ ਅੱਡਿਆਂ ‘ਤੇ ਅਸਥਾਈ ਤੌਰ ‘ਤੇ ਉਪਲਬਧ ਨਹੀਂ ਹਨ। ਏਅਰਲਾਈਨ ਨੇ ਕਿਹਾ ਕਿ ਬੁਕਿੰਗ, ਚੈੱਕ-ਇਨ ਸੇਵਾਵਾਂ ਸਮੇਤ ਸਾਡੀਆਂ ਕੁਝ ਆਨਲਾਈਨ ਸੇਵਾਵਾਂ ਅਸਥਾਈ ਤੌਰ ‘ਤੇ ਉਪਲਬਧ ਨਹੀਂ ਹੋਣਗੀਆਂ। ਸਪਾਈਸਜੈੱਟ ਨੇ ਦੱਸਿਆ ਕਿ ਅਸੀਂ ਫਿਲਹਾਲ ਫਲਾਈਟ ‘ਚ ਵਿਘਨ ‘ਤੇ ਅਪਡੇਟ ਦੇਣ ‘ਚ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ।
ਹਿੰਦੂਸਥਾਨ ਸਮਾਚਾਰ