Washington D.C. : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਚੋਣ ਲਈ ਰਿਪਬਲਿਕਨ ਪਾਰਟੀ ਦੀ ਨਾਮਜ਼ਦਗੀ ਨੂੰ ਰਸਮੀ ਤੌਰ ‘ਤੇ ਸਵੀਕਾਰ ਕਰ ਲਿਆ। ਮਿਲਵਾਕੀ ‘ਚ ਆਯੋਜਿਤ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ‘ਚ ਟਰੰਪ ਨੇ ਕਿਹਾ ਕਿ ਉਹ ਆਤਮ ਵਿਸ਼ਵਾਸ, ਤਾਕਤ ਅਤੇ ਉਮੀਦ ਦੇ ਸੰਦੇਸ਼ ਨਾਲ ਖੜ੍ਹੇ ਹਨ। ਉਹ ਸਿਰਫ਼ ਅੱਧੇ ਅਮਰੀਕਾ ਲਈ ਨਹੀਂ ਲੜ ਰਹੇ। ਉਹ ਇੱਕ ਮਹਾਨ ਦੇਸ਼ ਲਈ ਚੋਣ ਲੜ ਰਹੇ ਹਨ। ਚਾਰ ਮਹੀਨਿਆਂ ਬਾਅਦ ਸਾਨੂੰ ਸ਼ਾਨਦਾਰ ਜਿੱਤ ਮਿਲੇਗੀ।
ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਦੇਸ਼ ਦੇ ਇਤਿਹਾਸ ਦੀ ਸਭ ਤੋਂ ਮਹਾਨ ਸ਼ੁਰੂਆਤ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਆਪਣੇ ’ਤੇ ਹੋਏ ਜਾਨਲੇਵਾ ਹਮਲੇ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਬਹੁਤ ਦੁਖਦਾਈ ਪਲ ਸੀ। ਉਸ ਪਲ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ‘ਚ ਹਿੱਸਾ ਲੈਣ ਪਹੁੰਚੇ ਅਮਰੀਕੀ ਪ੍ਰਤੀਨਿਧੀ ਪੀਟ ਸੈਸ਼ਨਜ਼ ਨੇ ਕਿਹਾ ਕਿ ਨਾ ਸਿਰਫ਼ ਅਮਰੀਕਾ, ਸਗੋਂ ਪੂਰੀ ਦੁਨੀਆ ਦਾ ਧਿਆਨ ਇਸ ਗੱਲ ’ਤੇ ਕੇਂਦਰਿਤ ਹੈ ਕਿ ਪੈਨਸਿਲਵੇਨੀਆ ਦੇ ਬਟਲਰ ‘ਚ ਹੱਤਿਆ ਦੀ ਕੋਸ਼ਿਸ਼ ਤੋਂ ਬਾਅਦ ਰਿਪਬਲਿਕਨ ਪਾਰਟੀ ਅਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਵਿੱਖ ਪ੍ਰਤੀ ਕਿਹੋ ਜਿਹਾ ਰਵੱਈਆ ਅਪਣਾਉਂਦੇ ਹਨ। ਪੀਟ ਸੈਸ਼ਨਜ਼ ਨੇ ਕਿਹਾ ਕਿ ਰਿਪਬਲਿਕਨ ਪਾਰਟੀ ਮੰਨਦੀ ਹੈ ਕਿ ਅਜਿਹੇ ਲੋਕ ਹਨ ਜੋ ਉਨ੍ਹਾਂ ਨਾਲ ਅਸਹਿਮਤ ਹਨ ਅਤੇ ਨਹੀਂ ਚਾਹੁੰਦੇ ਕਿ ਉਹ ਸਫ਼ਲ ਹੋਣ, ਪਰ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਟਰੰਪ ਇੱਕ ਮਜ਼ਬੂਤ ਆਵਾਜ਼ ਹੋਣਗੇ ਅਤੇ ਪਾਰਟੀ ਇਸ ਦ੍ਰਿਸ਼ਟੀਕੋਣ ’ਤੇ ਕਾਬੂ ਪਾ ਸਕਦੀ ਹੈ।
ਓਹੀਓ ਤੋਂ ਅਮਰੀਕੀ ਸੈਨੇਟਰ ਜੇਡੀ ਵੇਂਸ ਨੇ ਬੁੱਧਵਾਰ ਨੂੰ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਵਿੱਚ ਆਪਣੇ ਮੁੱਖ ਭਾਸ਼ਣ ਵਿੱਚ ਟਰੰਪ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ “ਲੋਕਾਂ ਦੀ ਪਰਵਾਹ ਕਰਦੇ ਹਨ।” ਉਨ੍ਹਾਂ ਨੇ ਟਰੰਪ ਦੇ ਏਕਤਾ ਦੇ ਸੱਦੇ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ, “ਮੇਰੇ ਸਾਥੀ ਰਿਪਬਲਿਕਨ, ਤੁਹਾਡੇ ਸਾਰਿਆਂ ਲਈ ਮੇਰਾ ਸੰਦੇਸ਼ ਹੈ ਕਿ ਅਸੀਂ ਇਸ ਦੇਸ਼ ਨੂੰ ਪਿਆਰ ਕਰਦੇ ਹਾਂ ਅਤੇ ਅਸੀਂ ਜਿੱਤਣ ਲਈ ਇਕਜੁੱਟ ਹਾਂ।” ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਦੌੜ ‘ਚ ਟਰੰਪ ਦੇ ਮੁੱਖ ਵਿਰੋਧੀ ਰਾਸ਼ਟਰਪਤੀ ਜੋਅ ਬਿਡੇਨ ਕੋਰੋਨਾ ਨਾਲ ਸੰਕਰਮਿਤ ਹੋ ਗਏ ਹਨ। ਉਨ੍ਹਾਂ ਨੇ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਹੈ।
ਹਿੰਦੂਸਥਾਨ ਸਮਾਚਾਰ