Chandigarh News: ਯੈਲੋ ਅਲਰਟ ਦੇ ਬਾਵਜੂਦ ਬੁੱਧਵਾਰ ਨੂੰ ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ ਮੀਂਹ ਨਹੀਂ ਪਿਆ। ਪਰ ਕੁਝ ਜ਼ਿਲ੍ਹਿਆਂ ਵਿੱਚ ਹੋਈ ਬਾਰਿਸ਼ ਤੋਂ ਬਾਅਦ ਸੂਬੇ ਦੇ ਔਸਤ ਤਾਪਮਾਨ ਵਿੱਚ 2.9 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ‘ਚ ਮਾਨਸੂਨ ਸੁਸਤ ਹੈ। ਜਿਸ ਦਾ ਸਭ ਤੋਂ ਵੱਡਾ ਕਾਰਨ ਬੰਗਾਲ ਦੀ ਖਾੜੀ ‘ਚ ਬਣਿਆ ਘੱਟ ਦਬਾਅ ਹੈ। ਮਾਨਸੂਨ ਦੀਆਂ ਹਵਾਵਾਂ ਘੱਟ ਦਬਾਅ ਨਾਲ ਪ੍ਰਭਾਵਿਤ ਹੋਈਆਂ ਹਨ ਅਤੇ ਇਸ ਦਾ ਅਸਰ ਵੈਸਟਰਨ ਡਿਸਟਰਬੈਂਸ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।
ਪੰਜਾਬ ਵਿੱਚ ਅੱਜ 9 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਬੰਗਾਲ ਤੋਂ ਆਉਣ ਵਾਲੀਆਂ ਮਾਨਸੂਨ ਹਵਾਵਾਂ ਅਤੇ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ। ਇਸ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐਸ.ਏ.ਐਸ.ਨਗਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਪੰਜਾਬ ਵਿੱਚ ਇਸ ਸੀਜ਼ਨ ਵਿੱਚ ਹੁਣ ਤੱਕ 38 ਫੀਸਦੀ ਘੱਟ ਮੀਂਹ ਪੈ ਰਿਹਾ ਹੈ। 1 ਜੂਨ ਤੋਂ ਸ਼ੁਰੂ ਹੋਏ ਬਰਸਾਤ ਦੇ ਸੀਜ਼ਨ ‘ਚ 17 ਜੁਲਾਈ ਤੱਕ 87.5 ਮਿਲੀਮੀਟਰ ਬਾਰਿਸ਼ ਹੋ ਚੁੱਕੀ ਹੈ, ਜਦਕਿ ਆਮ ਤੌਰ ‘ਤੇ 140.7 ਮਿਲੀਮੀਟਰ ਬਾਰਿਸ਼ ਹੋਣੀ ਚਾਹੀਦੀ ਸੀ।
ਹਿੰਦੂਸਥਾਨ ਸਮਾਚਾਰ