New Delhi: ਵਰਤਮਾਨ ਵਿੱਚ ਉੱਤਰ ਪ੍ਰਦੇਸ਼, ਉੱਤਰਾਖੰਡ, ਉੱਤਰ-ਪੂਰਬ, ਮਹਾਰਾਸ਼ਟਰ, ਕੇਰਲ ਅਤੇ ਕਰਨਾਟਕ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਨਦੀਆਂ-ਨਾਲੇ ਖਤਰੇ ਦੇ ਨਿਸ਼ਾਨ ’ਤੇ ਹਨ। ਉੱਤਰ ਪ੍ਰਦੇਸ਼, ਗੁਜਰਾਤ, ਬਿਹਾਰ ਅਤੇ ਅਸਾਮ ਸਮੇਤ ਕਈ ਰਾਜਾਂ ਵਿੱਚ ਹੜ੍ਹਾਂ ਦਾ ਭਿਆਨਕ ਰੂਪ ਡਰਾਉਣਾ ਹੈ। ਭਾਰਤੀ ਮੌਸਮ ਵਿਭਾਗ ਨੇ ਅੱਜ ਤੋਂ ਚਾਰ ਦਿਨਾਂ ਤੱਕ 19 ਰਾਜਾਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਨੇ ਭਵਿੱਖਬਾਣੀ ਜਾਰੀ ਕੀਤੀ ਹੈ ਕਿ ਅੱਜ ਕੇਰਲ, ਗੋਆ, ਮਹਾਰਾਸ਼ਟਰ, ਕਰਨਾਟਕ ਅਤੇ ਗੁਜਰਾਤ ਦੇ ਸੌਰਾਸ਼ਟਰ ਅਤੇ ਕੱਛ ਵਿੱਚ ਭਾਰੀ ਬਾਰਿਸ਼ ਹੋਵੇਗੀ। ਵਿਭਾਗ ਨੇ ਇਸਦੇ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਪੂਰਵ ਅਨੁਮਾਨ ਵਿਚ ਕਿਹਾ ਗਿਆ ਹੈ ਕਿ 17-18 ਨੂੰ ਉੱਤਰਾਖੰਡ, 18 ਨੂੰ ਪੂਰਬੀ ਰਾਜਸਥਾਨ, 19 ਨੂੰ ਓਡੀਸ਼ਾ ਅਤੇ 18-19 ਜੁਲਾਈ ਨੂੰ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿਚ ਭਾਰੀ ਬਾਰਿਸ਼ ਹੋਵੇਗੀ। ਵਿਭਾਗ ਨੇ ਇਨ੍ਹਾਂ ਰਾਜਾਂ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ।
ਭਾਰਤੀ ਮੌਸਮ ਵਿਭਾਗ ਨੇ ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਬਿਹਾਰ, ਝਾਰਖੰਡ, ਓਡੀਸ਼ਾ, ਉੱਤਰ-ਪੂਰਬ ਅਤੇ ਦੱਖਣ ਦੇ ਰਾਜਾਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ 24 ਘੰਟਿਆਂ ‘ਚ ਕਈ ਸੂਬਿਆਂ ‘ਚ ਭਾਰੀ ਮੀਂਹ ਪਿਆ ਹੈ। ਗੁਜਰਾਤ ਦੇ ਵਲਸਾਡ ਅਤੇ ਨਵਸਾਰੀ ਵਿੱਚ ਪਾਣੀ ਘਰਾਂ ਵਿੱਚ ਦਾਖਲ ਹੋ ਗਿਆ। ਕੇਰਲ ਦੇ ਸੱਤ ਜ਼ਿਲ੍ਹਿਆਂ ਅਤੇ ਕਰਨਾਟਕ ਦੇ ਉੱਤਰਾ ਕੰਨੜ ਜ਼ਿਲ੍ਹੇ ਵਿੱਚ ਭਾਰੀ ਮੀਂਹ ਕਾਰਨ ਸੋਮਵਾਰ ਨੂੰ ਸਕੂਲ ਅਤੇ ਕਾਲਜ ਬੰਦ ਰਹੇ।
ਹਿੰਦੂਸਥਾਨ ਸਮਾਚਾਰ