T-20 2024 : ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਟੀ-20 ਸੀਰੀਜ਼ ਦਾ ਆਖਰੀ ਮੈਚ ਐਤਵਾਰ ਨੂੰ ਰਾਜਧਾਨੀ ਹਰਾਰੇ ‘ਚ ਖੇਡਿਆ ਗਿਆ। ਇਸ ਮੈਚ ‘ਚ ਭਾਰਤੀ ਟੀਮ ਨੇ ਜ਼ਿੰਬਾਬਵੇ ਦੀ ਟੀਮ ਨੂੰ 42 ਦੌੜਾਂ ਨਾਲ ਬੁਰੀ ਤਰ੍ਹਾਂ ਨਾਲ ਹਰਾਇਆ। ਟੀਮ ਇੰਡੀਆ ਨੇ ਇਹ ਸੀਰੀਜ਼ 4-1 ਦੇ ਫਰਕ ਨਾਲ ਜਿੱਤ ਲਈ ਹੈ। ਭਾਰਤ ਨੇ ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਇਹ ਸੀਰੀਜ਼ ਜਿੱਤੀ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ ਜ਼ਿੰਬਾਬਵੇ ਨੂੰ 6 ਵਿਕਟਾਂ ਦੇ ਨੁਕਸਾਨ ‘ਤੇ 168 ਦੌੜਾਂ ਦਾ ਟੀਚਾ ਦਿੱਤਾ। ਟੀਮ ਇੰਡੀਆ ਦੇ ਅੰਕੜਿਆਂ ਨੂੰ ਮਾਤ ਦਿੰਦੇ ਹੋਏ ਜ਼ਿੰਬਾਬਵੇ ਦੇ ਬੱਲੇਬਾਜ਼ 18.3 ਓਵਰਾਂ ‘ਚ 125 ਦੌੜਾਂ ਹੀ ਬਣਾ ਸਕੇ। ਭਾਰਤੀ ਗੇਂਦਬਾਜ਼ਾਂ ਦੀ ਤੂਫਾਨੀ ਗੇਂਦਬਾਜ਼ੀ ਅੱਗੇ ਜ਼ਿੰਬਾਬਵੇ ਦੇ ਬੱਲੇਬਾਜ਼ ਟਿਕ ਨਹੀਂ ਸਕੇ। ਭਾਰਤੀ ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਨੇ ਸਿਰਫ਼ 22 ਦੌੜਾਂ ਦੇ ਕੇ 4 ਵਿਕਟਾਂ, ਸ਼ਿਵਮ ਦੂਬੇ ਨੇ 2, ਤੁਸ਼ਾਰ ਪਾਂਡੇ, ਅਭਿਸ਼ੇਕ ਸ਼ਰਮਾ ਅਤੇ ਵਾਸ਼ਿੰਗਟਨ ਸੁਦਰ ਨੇ 1-1 ਵਿਕਟ ਲਈ।
ਬੱਲੇਬਾਜ਼ਾਂ ਦੀ ਗੱਲ ਕਰੀਏ ਤਾਂ ਸੰਜੂ ਸੈਮਸਨ ਅਤੇ ਰਿਆਨ ਪਰਾਗ ਨੇ 56 ਗੇਂਦਾਂ ਵਿੱਚ 65 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ। ਸੰਜੂ ਨੇ 45 ਗੇਂਦਾਂ ‘ਤੇ 58 ਦੌੜਾਂ ਦੀ ਪਾਰੀ ਖੇਡੀ, ਜਿਸ ‘ਚ ਉਸ ਨੇ 4 ਛੱਕੇ ਅਤੇ 1 ਚੌਕਾ ਲਗਾਇਆ। ਜਦਕਿ ਰਿਆਨ ਨੇ 22 ਦੌੜਾਂ ਬਣਾਈਆਂ। ਅੰਤ ਵਿੱਚ ਸ਼ਿਵਮ ਦੁਬੇ ਨੇ 12 ਗੇਂਦਾਂ ਵਿੱਚ 22 ਦੌੜਾਂ ਬਣਾਈਆਂ।
ਜ਼ਿੰਬਾਬਵੇ ਸੀਰੀਜ਼ ਹਾਰਿਆ
ਜ਼ਿੰਬਾਬਵੇ ਲਈ ਡਿਓਨ ਮਾਇਰਸ ਨੇ ਸਭ ਤੋਂ ਵੱਧ 34 ਦੌੜਾਂ ਬਣਾਈਆਂ। ਜਦਕਿ ਤਦੀਵਨਾਸ਼ੇ ਮਾਰੂਮਨੀ ਅਤੇ ਫਰਾਜ਼ ਅਕਰਮ ਨੇ ਬਰਾਬਰ 27 ਦੌੜਾਂ ਬਣਾਈਆਂ। ਜਦੋਂ ਕਿ ਬਲੇਸਿੰਗ ਮੁਜ਼ਰਬਾਨੀ ਨੇ 2 ਵਿਕਟਾਂ ਲਈਆਂ। ਕਪਤਾਨ ਸਿਕੰਦਰ ਰਜ਼ਾ, ਰਿਚਰਡ ਨਗਾਰਵਾ ਅਤੇ ਬ੍ਰੈਂਡਨ ਮਾਵੁਤਾ ਨੇ 1-1 ਵਿਕਟ ਲਿਆ।
ਸ਼ੁਭਮਨ ਗਿੱਲ ਨੇ ਟੀਮ ਵਿੱਚ ਬਦਲਾਅ ਕੀਤਾ
ਸ਼ੁਭਮਨ ਗਿੱਲ ਦੀ ਕਪਤਾਨੀ ‘ਚ ਭਾਰਤੀ ਟੀਮ ਨੇ ਸੀਰੀਜ਼ ‘ਤੇ 4-1 ਨਾਲ ਕਬਜ਼ਾ ਕਰ ਲਿਆ ਹੈ। ਇਸ ਮੈਚ ਲਈ ਭਾਰਤੀ ਟੀਮ ਵਿੱਚ 2 ਬਦਲਾਅ ਕੀਤੇ ਗਏ ਹਨ। ਕਪਤਾਨ ਗਿੱਲ ਨੇ ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਅਤੇ ਰਿਆਨ ਪਰਾਗ ਨੂੰ ਐਂਟਰੀ ਦਿੱਤੀ। ਜਦਕਿ ਰੁਤੂਰਾਜ ਗਾਇਕਵਾੜ ਅਤੇ ਖਲੀਲ ਅਹਿਮਦ ਨੂੰ ਮੈਦਾਨ ਤੋਂ ਬਾਹਰ ਰੱਖਿਆ ਗਿਆ।
ਹਿੰਦੂਸਥਾਨ ਸਮਾਚਾਰ