Donald Trump Attack News: ਅਮਰੀਕਾ ‘ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੋਣ ਰੈਲੀ ‘ਤੇ ਗੋਲੀਬਾਰੀ ਕਰਨ ਦੇ ਦੋਸ਼ੀ ਵਿਅਕਤੀ ਦੀ ਕਾਰ ਅਤੇ ਘਰ ਤੋਂ ਵਿਸਫੋਟਕ ਅਤੇ ਬੰਬ ਬਣਾਉਣ ਦੀ ਸਮੱਗਰੀ ਬਰਾਮਦ ਕੀਤੀ ਗਈ ਹੈ। ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਦੇ ਘਰ ਤੋਂ ਬੰਬ ਬਣਾਉਣ ਦਾ ਸਾਮਾਨ ਵੀ ਮਿਲਿਆ ਹੈ।
ਦੋ ਅਧਿਕਾਰੀਆਂ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਇਹ ਜਾਣਕਾਰੀ ਦਿੱਤੀ। ਦੱਸ ਦਈਏ ਕਿ ਟਰੰਪ (78) ਸ਼ਨੀਵਾਰ ਨੂੰ ਪੈਨਸਿਲਵੇਨੀਆ ‘ਚ ਇਕ ਰੈਲੀ ‘ਚ ਉਸ ਸਮੇਂ ਵਾਲ-ਵਾਲ ਬਚ ਗਏ, ਜਦੋਂ ਇਕ 20 ਸਾਲਾ ਹਮਲਾਵਰ ਨੇ ਉਨ੍ਹਾਂ ‘ਤੇ ਕਈ ਗੋਲੀਆਂ ਚਲਾਈਆਂ। ਇਸ ਹਮਲੇ ‘ਚ ਉਹ ਜ਼ਖਮੀ ਹੋ ਗਏ ਅਤੇ ਉਨ੍ਹਾਂ ਦੇ ਕੰਨ ‘ਤੇ ਸੱਟ ਲੱਗ ਗਈ। ਇਸ ਗੋਲੀਬਾਰੀ ਦੀ ਘਟਨਾ ‘ਚ ਟਰੰਪ ਦੀ ਰੈਲੀ ‘ਚ ਮੌਜੂਦ ਇਕ ਵਿਅਕਤੀ ਦੀ ਜਾਨ ਚਲੀ ਗਈ ਅਤੇ ਦੋ ਹੋਰ ਗੰਭੀਰ ਜ਼ਖਮੀ ਹੋ ਗਏ। ‘ਸੀਕ੍ਰੇਟ ਸਰਵਿਸ’ ਦੇ ਜਵਾਨਾਂ ਨੇ ਹਮਲਾਵਰ ਨੂੰ ਮਾਰ ਦਿੱਤਾ।
ਮੇਲਾਨੀਆ ਟਰੰਪ ਨੇ ਅਮਰੀਕੀਆਂ ਨੂੰ ਨਫ਼ਰਤ ਤੋਂ ਉੱਪਰ ਉੱਠਣ ਦੀ ਕੀਤੀ ਅਪੀਲ
ਆਪਣੇ ਪਤੀ ਅਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਤੋਂ ਬਚਣ ਤੋਂ ਕੁਝ ਘੰਟਿਆਂ ਬਾਅਦ, ਮੇਲਾਨੀਆ ਟਰੰਪ ਨੇ ਐਤਵਾਰ ਨੂੰ ਅਮਰੀਕੀਆਂ ਨੂੰ “ਨਫ਼ਰਤ ਤੋਂ ਉੱਪਰ ਉੱਠਣ” ਅਤੇ “ਪਿਆਰ ਨਾਲ ਭਰੀ” ਦੁਨੀਆ ਬਣਾਉਣ ਦੀ ਅਪੀਲ ਕੀਤੀ। ਆਪਣੇ ਪਤੀ ਦੇ ਜ਼ਖਮੀ ਹੋਣ ਤੋਂ ਬਾਅਦ ਆਪਣੀ ਪਹਿਲੀ ਪ੍ਰਤੀਕਿਰਿਆ ਵਿੱਚ, ਮੇਲਾਨੀਆ ਟਰੰਪ (54) ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇਸ ਘਟਨਾ ਦਾ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਲਈ ਕੀ ਅਰਥ ਹੈ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ‘ਨਫ਼ਰਤ ਤੋਂ ਉੱਪਰ ਉੱਠਣ’ ਦਾ ਸੱਦਾ ਦਿੱਤਾ। ਐਤਵਾਰ ਨੂੰ ਐਕਸ ‘ਤੇ ਪੋਸਟ ਕੀਤੇ ਇਕ ਬਿਆਨ ਵਿਚ, ਮੇਲਾਨੀਆ ਨੇ ਆਪਣੇ ਪਤੀ ਦੀ ਸੁਰੱਖਿਆ ਲਈ ਸੀਕ੍ਰੇਟ ਸਰਵਿਸ ਏਜੰਟਾਂ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦਾ ਧੰਨਵਾਦ ਕੀਤਾ।
ਕਮਲਾ ਹੈਰਿਸ ਨੇ ਜਾਣਕਾਰੀ ਲਈ
ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਅਟਾਰਨੀ ਜਨਰਲ ਮੈਰਿਕ ਗਾਰਲੈਂਡ, ਹੋਮਲੈਂਡ ਸਕਿਓਰਿਟੀ ਸੈਕਟਰੀ ਅਲੇਜੈਂਡਰੋ ਮੇਅਰਕਸ ਅਤੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫਬੀਆਈ) ਦੇ ਡਾਇਰੈਕਟਰ ਕ੍ਰਿਸਟੋਫਰ ਰੇਅ ਸਮੇਤ ਚੋਟੀ ਦੇ ਜਾਂਚਕਾਰਾਂ ਵੱਲੋਂ ਘਟਨਾਕ੍ਰਮ ਬਾਰੇ ਜਾਣਕਾਰੀ ਦਿੱਤੀ ਗਈ। ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਅਤੇ ਸੀਕ੍ਰੇਟ ਸਰਵਿਸ ਡਾਇਰੈਕਟਰ ਕਿਮ ਚੀਟਲ ਨੇ ਵੀ ਬੈਠਕ ‘ਚ ਸ਼ਿਰਕਤ ਕੀਤੀ।
ਹਿੰਦੂਸਥਾਨ ਸਮਾਚਾਰ