New Delhi News: ਮਹਿੰਗਾਈ ਦੇ ਮੋਰਚੇ ’ਤੇ ਲੋਕਾਂ ਨੂੰ ਝਟਕਾ ਦੇਣ ਵਾਲੀ ਖ਼ਬਰ ਹੈ। ਖਪਤਕਾਰ ਮੁੱਲ ਸੂਚਕ ਅੰਕ (ਸੀ.ਪੀ.ਆਈ.) ‘ਤੇ ਆਧਾਰਿਤ ਥੋਕ ਮਹਿੰਗਾਈ ਦਰ ਜੂਨ ‘ਚ 3.36 ਫੀਸਦੀ ਦੇ 16 ਮਹੀਨਿਆਂ ਦੇ ਉੱਚ ਪੱਧਰ ‘ਤੇ ਪਹੁੰਚ ਗਈ ਹੈ। ਪਿਛਲੇ ਮਹੀਨੇ ਮਈ ‘ਚ ਇਹ 2.61 ਫੀਸਦੀ ‘ਤੇ ਸੀ, ਜਦਕਿ ਅਪ੍ਰੈਲ ‘ਚ ਥੋਕ ਮਹਿੰਗਾਈ ਦਰ 1.26 ਫੀਸਦੀ ਸੀ। ਵਣਜ ਅਤੇ ਉਦਯੋਗ ਮੰਤਰਾਲੇ ਨੇ ਸੋਮਵਾਰ ਨੂੰ ਜਾਰੀ ਬਿਆਨ ‘ਚ ਦੱਸਿਆ ਕਿ ਜੂਨ ਮਹੀਨੇ ‘ਚ ਥੋਕ ਮਹਿੰਗਾਈ ਦਰ ਵਧ ਕੇ 3.36 ਫੀਸਦੀ ਰਹੀ ਹੈ।
ਮੰਤਰਾਲੇ ਦੇ ਅਨੁਸਾਰ, ਥੋਕ ਮਹਿੰਗਾਈ ਦਰ ਮੁੱਖ ਤੌਰ ‘ਤੇ ਖੁਰਾਕੀ ਵਸਤਾਂ, ਨਿਰਮਿਤ ਭੋਜਨ ਉਤਪਾਦਾਂ, ਕੱਚੇ ਤੇਲ, ਕੁਦਰਤੀ ਗੈਸ ਅਤੇ ਖਣਿਜ ਤੇਲ ਅਤੇ ਹੋਰ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਵਧੀ ਹੈ। ਹਾਲਾਂਕਿ ਜੂਨ 2023 ‘ਚ ਥੋਕ ਮਹਿੰਗਾਈ ਦਰ 4.12 ਫੀਸਦੀ ਰਹੀ ਸੀ। ਮੰਤਰਾਲੇ ਮੁਤਾਬਕ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ‘ਚ ਲਗਾਤਾਰ ਵਾਧੇ ਕਾਰਨ ਥੋਕ ਮਹਿੰਗਾਈ ਦਰ ਲਗਾਤਾਰ ਵਧ ਰਹੀ ਹੈ। ਅੰਕੜਿਆਂ ਮੁਤਾਬਕ ਜੂਨ ਮਹੀਨੇ ‘ਚ ਖਪਤਕਾਰ ਮੁੱਲ ਸੂਚਕ ਅੰਕ (ਸੀ.ਪੀ.ਆਈ.) ਵੀ ਚਾਰ ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ‘ਤੇ 5.08 ਫੀਸਦੀ ‘ਤੇ ਪਹੁੰਚ ਗਿਆ ਹੈ। ਖੁਰਾਕੀ ਵਸਤਾਂ ਦੀਆਂ ਵਧਦੀਆਂ ਕੀਮਤਾਂ ਨੇ ਸੀ.ਪੀ.ਆਈ. ਨੂੰ ਵੀ ਪ੍ਰਭਾਵਿਤ ਕੀਤਾ ਹੈ। ਮੰਤਰਾਲੇ ਮੁਤਾਬਕ ਜੂਨ ਮਹੀਨੇ ‘ਚ ਖੁਰਾਕੀ ਮਹਿੰਗਾਈ ਦਰ ਵਧ ਕੇ 8.68 ਫੀਸਦੀ ਹੋ ਗਈ ਹੈ, ਜੋ ਮਈ ‘ਚ 7.40 ਫੀਸਦੀ ਸੀ। ਇਸਦੇ ਨਾਲ ਹੀ ਰੋਜ਼ਾਨਾ ਜ਼ਰੂਰੀ ਵਸਤਾਂ ਦੀ ਮਹਿੰਗਾਈ ਦਰ 7.20 ਫੀਸਦੀ ਤੋਂ ਵਧ ਕੇ 8.80 ਫੀਸਦੀ ਹੋ ਗਈ ਹੈ।
ਨਿਰਮਾਣ ਉਤਪਾਦਾਂ ਦੀ ਥੋਕ ਮਹਿੰਗਾਈ ਦਰ 0.78 ਫੀਸਦੀ ਤੋਂ ਵਧ ਕੇ 1.43 ਫੀਸਦੀ ਹੋ ਗਈ ਹੈ। ਹਾਲਾਂਕਿ ਇਸ ਸਮੇਂ ਦੌਰਾਨ ਈਂਧਨ ਅਤੇ ਬਿਜਲੀ ਦੀ ਥੋਕ ਮਹਿੰਗਾਈ ਦਰ 1.35 ਫੀਸਦੀ ਤੋਂ ਘਟ ਕੇ 1.03 ਫੀਸਦੀ ਰਹਿ ਗਈ। ਜ਼ਿਕਰਯੋਗ ਹੈ ਕਿ ਜੂਨ ਮਹੀਨੇ ‘ਚ ਪ੍ਰਚੂਨ ਮਹਿੰਗਾਈ ਦਰ ਵੀ 5.08 ਫੀਸਦੀ ‘ਤੇ ਪਹੁੰਚ ਗਈ ਹੈ, ਜੋ 4 ਮਹੀਨਿਆਂ ‘ਚ ਇਸਦਾ ਸਭ ਤੋਂ ਉੱਚਾ ਪੱਧਰ ਹੈ।
ਹਿੰਦੂਸਥਾਨ ਸਮਾਚਾਰ