Amritsar News: ਬਰਤਾਨੀਆਂ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਗ੍ਰੇਵਸੈਂਡ ’ਚ ਬੀਤੇ ਦਿਨਾਂ ਵਿੱਚ ਵਾਪਰੀ ਦੁਖਦਾਈ ਘਟਨਾ ‘ਤੇ ਸ਼ਿਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ | ਉਨ੍ਹਾਂ ਕਿਹਾ ਕਿ ਗੁਰੂ ਘਰ, ਜਿਥੇ ਹਰ ਪ੍ਰਾਣੀ ਨਤਮਸਤਕ ਹੋਣ ਲਈ ਜਾ ਆ ਸਕਦੇ, ਅਰਦਾਸ ਬੇਨਤੀ ਕਰ ਸਕਦੇ ਹਨ, ਜਿਥੋਂ ਸਰਬ ਸਾਂਝੀਵਾਲਤਾ ਦੇ ਸੰਦੇਸ਼ ਦਾ ਸੂਰਜ ਊਦੇ ਹੁੰਦਾ ਹੈ, ਉਥੇ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰਨ ਤੇ ਹਰ ਪ੍ਰਾਣੀ ਦਾ ਹਿਰਦਾ ਦੁਖੀ ਹੁੰਦਾ ਹੈ |
ਉਨ੍ਹਾਂ ਕਿਹਾ ਕਿਸੇ ਸ਼ਰਾਰਤੀ ਅਨਸਰ ਵਲੋਂ ਚੋਰੀ ਦੀ ਨੀਯਤ ਨਾਲ ਗੁਰੂ ਘਰ ਵਿਚ ਸੁਸ਼ੋਭਤ ਸ਼ਸਤਰਾਂ ਨੂੰ ਚੁੱਕ ਕੇ ਭੱਜਣਾ ਅਤੇ ਸ਼ਰਧਾਲੂਆਂ ‘ਤੇ ਹਮਲਾ ਕਰਕੇ ਜ਼ਖਮੀ ਕਰਨਾ ਕੋਈ ਸੋਚੀ ਸਮਝੀ ਸਾਜਿਸ਼ ਹੈ | ਉਨ੍ਹਾਂ ਵਾਪਰੀ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਯੂ.ਕੇ. ਦੀ ਸਰਕਾਰ ਨੂੰ ਅਜਿਹੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕਰਕੇ ਨੱਥ ਪਾਉਣੀ ਚਾਹੀਦੀ ਹੈ |
ਦਰਅਸਲ ਗ੍ਰੇਵਸੈਂਡ ਦੇ ਇੱਕ ਗੁਰਦੁਆਰੇ ਵਿੱਚ ਇੱਕ ਨੌਜਵਾਨ ਵੱਲੋਂ ਹਮਲੇ ਦੀ ਕੋਸ਼ਿਸ਼ ਕੀਤੀ ਗਈ। ਜਿਸ ਵਿੱਚ 2 ਔਰਤਾਂ ਜ਼ਖਮੀ ਹੋਇਆੰ ਸਨ।ਰਿਪੋਰਟਾਂ ਤੋਂ ਬਾਅਦ 17 ਸਾਲਾ ਲੜਕੇ ਨੂੰ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਕੈਂਟ ਪੁਲਿਸ ਨੇ ਦੱਸਿਆ ਕਿ ਵੀਰਵਾਰ ਰਾਤ 8.10 ਵਜੇ ਗ੍ਰੇਵਸੈਂਡ ਦੇ ਸਿਰੀ ਗੁਰੂ ਨਾਨਕ ਦਰਬਾਰ ਗੁਰਦੁਆਰੇ ਵਿੱਚ ਵਾਪਰੀ ਘਟਨਾ ਦੌਰਾਨ ਦੋ ਔਰਤਾਂ ਜ਼ਖ਼ਮੀ ਹੋ ਗਈਆਂ। ਇੱਕ ਨੌਜਵਾਨ ਨੂੰ ਕਤਲ ਦੀ ਕੋਸ਼ਿਸ਼ ਅਤੇ ਜਨਤਕ ਤੌਰ ਤੇ ਧਾਰਮਿਕ ਵਿਗਾੜ ਪਾਉਣ ਦੇ ਸ਼ੱਕ ਦੇ ਤੇ ਗ੍ਰਿਫਤਾਰ ਕੀਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ