Shimla News: ਹਿਮਾਚਲ ਪ੍ਰਦੇਸ਼ ਦੇ ਤਿੰਨ ਵਿਧਾਨ ਸਭਾ ਹਲਕਿਆਂ – ਡੇਹਰਾ, ਹਮੀਰਪੁਰ ਅਤੇ ਨਾਲਾਗੜ੍ਹ ‘ਚ ਹੋਈਆਂ ਜ਼ਿਮਨੀ ਚੋਣਾਂ ‘ਚ ਸੱਤਾਧਾਰੀ ਕਾਂਗਰਸ ਦਾ ਪਲੜਾ ਭਾਰੀ ਰਿਹਾ। ਕਾਂਗਰਸ ਨੇ ਦੋ ਅਤੇ ਭਾਜਪਾ ਨੇ ਇੱਕ ਸੀਟ ਜਿੱਤੀ ਹੈ। ਕਾਂਗਰਸ ਨੇ ਡੇਹਰਾ ਅਤੇ ਨਾਲਾਗੜ੍ਹ ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। ਭਾਜਪਾ ਨੇ ਆਪਣੀ ਰਵਾਇਤੀ ਸੀਟ ਹਮੀਰਪੁਰ ਨੂੰ ਬਹੁਤ ਕਰੀਬੀ ਵੋਟਾਂ ਨਾਲ ਜਿੱਤਿਆ।
ਡੇਹਰਾ ਸੀਟ ‘ਤੇ ਹੋਈ ਜ਼ਿਮਨੀ ਚੋਣ ‘ਚ ਕਾਂਗਰਸ ਉਮੀਦਵਾਰ ਕਮਲੇਸ਼ ਠਾਕੁਰ ਨੇ ਆਪਣੇ ਨੇੜਲੇ ਵਿਰੋਧੀ ਭਾਜਪਾ ਦੇ ਹੁਸ਼ਿਆਰ ਸਿੰਘ ਨੂੰ 9399 ਵੋਟਾਂ ਦੇ ਫਰਕ ਨਾਲ ਹਰਾਇਆ। ਕਮਲੇਸ਼ ਠਾਕੁਰ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪਤਨੀ ਹੈ। ਸਾਰਿਆਂ ਦੀਆਂ ਨਜ਼ਰਾਂ ਇਸ ਸੀਟ ‘ਤੇ ਟਿਕੀਆਂ ਹੋਈਆਂ ਸਨ। ਕਮਲੇਸ਼ ਠਾਕੁਰ ਆਪਣੀ ਪਹਿਲੀ ਵਿਧਾਨ ਸਭਾ ਚੋਣਾਂ ‘ਚ ਵਿਧਾਇਕ ਬਣਨ ‘ਚ ਕਾਮਯਾਬ ਰਹੇ।
ਨਾਲਾਗੜ੍ਹ ਤੋਂ ਕਾਂਗਰਸੀ ਉਮੀਦਵਾਰ ਹਰਦੀਪ ਬਾਬਾ ਨੇ ਆਪਣੇ ਨੇੜਲੇ ਵਿਰੋਧੀ ਭਾਜਪਾ ਉਮੀਦਵਾਰ ਕੇਐਲ ਠਾਕੁਰ ਨੂੰ 8990 ਵੋਟਾਂ ਦੇ ਫਰਕ ਨਾਲ ਹਰਾਇਆ। ਕਾਂਗਰਸ ਦੇ ਹਰਦੀਪ ਬਾਬਾ ਨੂੰ 34,608 ਵੋਟਾਂ ਮਿਲੀਆਂ, ਜਦਕਿ ਭਾਜਪਾ ਦੇ ਕੇਐੱਲ ਠਾਕੁਰ ਨੂੰ 25,618 ਵੋਟਾਂ ਮਿਲੀਆਂ। ਇਸ ਸੀਟ ਤੋਂ ਭਾਜਪਾ ਤੋਂ ਬਗਾਵਤ ਕਰਨ ਵਾਲੇ ਆਜ਼ਾਦ ਉਮੀਦਵਾਰ ਹਰਪ੍ਰੀਤ ਸੈਣੀ 13 ਹਜ਼ਾਰ ਤੋਂ ਵੱਧ ਵੋਟਾਂ ਲੈ ਕੇ ਤੀਜੇ ਨੰਬਰ ‘ਤੇ ਰਹੇ | ਉਸ ਨੇ ਭਾਜਪਾ ਦੀ ਖੇਡ ਵਿਗਾੜ ਦਿੱਤੀ। ਹਰਪ੍ਰੀਤ ਸੈਣੀ ਨੇ ਭਾਜਪਾ ਦੀ ਟਿਕਟ ਨਾ ਮਿਲਣ ਤੋਂ ਨਾਰਾਜ਼ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ।
ਹਮੀਰਪੁਰ ਸੀਟ ‘ਤੇ ਭਾਜਪਾ ਅਤੇ ਕਾਂਗਰਸ ਵਿਚਾਲੇ ਕਰੀਬੀ ਮੁਕਾਬਲਾ ਸੀ। ਭਾਜਪਾ ਦੇ ਆਸ਼ੀਸ਼ ਸ਼ਰਮਾ ਨੇ ਆਪਣੇ ਨੇੜਲੇ ਵਿਰੋਧੀ ਕਾਂਗਰਸ ਦੇ ਡਾ. ਪੁਸ਼ਪੇਂਦਰ ਵਰਮਾ ਨੂੰ 1571 ਵੋਟਾਂ ਨਾਲ ਹਰਾਇਆ। ਅਸ਼ੀਸ਼ ਸ਼ਰਮਾ ਨੂੰ 27,041 ਵੋਟਾਂ ਮਿਲੀਆਂ, ਜਦਕਿ ਡਾ: ਪੁਸ਼ਪੇਂਦਰ ਵਰਮਾ ਨੂੰ 25,470 ਵੋਟਾਂ ਮਿਲੀਆਂ | ਆਜ਼ਾਦ ਉਮੀਦਵਾਰ ਨੰਦ ਲਾਲ ਨੂੰ 74 ਵੋਟਾਂ ਮਿਲੀਆਂ ਜਦਕਿ 198 ਲੋਕਾਂ ਨੇ ਨੋਟਾ ਬਟਨ ਦਬਾਇਆ। ਇਸ ਜਿੱਤ ਨਾਲ ਆਸ਼ੀਸ਼ ਸ਼ਰਮਾ ਲਗਾਤਾਰ ਦੂਜੀ ਵਾਰ ਵਿਧਾਇਕ ਚੁਣੇ ਗਏ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਹਮੀਰਪੁਰ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ 12 ਹਜ਼ਾਰ ਵੋਟਾਂ ਨਾਲ ਜਿੱਤੇ ਸਨ।
ਤਿੰਨੋਂ ਸੀਟਾਂ ‘ਤੇ 10 ਜੁਲਾਈ ਨੂੰ ਵੋਟਿੰਗ ਹੋਈ ਸੀ ਅਤੇ 71 ਫੀਸਦੀ ਤੋਂ ਵੱਧ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਸੀ। ਤਿੰਨੋਂ ਸੀਟਾਂ ‘ਤੇ ਕੁੱਲ 13 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ। ਛੇ ਉਮੀਦਵਾਰ ਆਪਣੀ ਜਮਾਨਤ ਵੀ ਨਹੀਂ ਬਚਾ ਸਕੇ।
ਵਿਧਾਨ ਸਭਾ ਜ਼ਿਮਨੀ ਚੋਣ ‘ਚ ਦੋ ਸੀਟਾਂ ‘ਤੇ ਮਿਲੀ ਜਿੱਤ ਸੱਤਾਧਾਰੀ ਕਾਂਗਰਸ ਲਈ ਵੱਡੀ ਰਾਹਤ ਹੈ। ਦਰਅਸਲ, ਇਸ ਸਾਲ ਫਰਵਰੀ ਵਿੱਚ ਰਾਜ ਸਭਾ ਚੋਣਾਂ ਵਿੱਚ ਕਾਂਗਰਸ ਦੇ ਛੇ ਵਿਧਾਇਕਾਂ ਨੇ ਬਗਾਵਤ ਕੀਤੀ ਸੀ ਅਤੇ ਕਰਾਸ ਵੋਟਿੰਗ ਕੀਤੀ ਸੀ। ਤਿੰਨ ਆਜ਼ਾਦ ਵਿਧਾਇਕਾਂ ਨੇ ਵੀ ਰਾਜ ਸਭਾ ਚੋਣਾਂ ਵਿੱਚ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਈ। ਇਸ ਕਾਰਨ ਭਾਜਪਾ ਨੇ ਰਾਜ ਸਭਾ ਦੀ ਇਕਲੌਤੀ ਸੀਟ ਜਿੱਤੀ। ਇਸ ਤੋਂ ਬਾਅਦ ਕਾਂਗਰਸ ਦੇ ਛੇ ਵਿਧਾਇਕ ਅਤੇ ਤਿੰਨ ਆਜ਼ਾਦ ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋ ਗਏ ਅਤੇ ਕਾਂਗਰਸ ਦੀ ਸੁੱਖੂ ਸਰਕਾਰ ਮੁਸ਼ਕਲ ਵਿੱਚ ਆ ਗਈ। ਹਾਲਾਂਕਿ ਜੂਨ ਮਹੀਨੇ ਵਿੱਚ ਛੇ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਨੂੰ ਚਾਰ ਸੀਟਾਂ ਮਿਲਣ ਮਗਰੋਂ ਸੁੱਖੂ ਸਰਕਾਰ ਸੁਰੱਖਿਅਤ ਬਣ ਗਈ ਸੀ। ਹੁਣ ਤਿੰਨ ‘ਚੋਂ ਦੋ ਸੀਟਾਂ ‘ਤੇ ਜਿੱਤ ਨਾਲ 68 ਮੈਂਬਰੀ ਵਿਧਾਨ ਸਭਾ ‘ਚ ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ 40 ਹੋ ਗਈ ਹੈ। ਜਦਕਿ ਭਾਜਪਾ ਦੇ ਵਿਧਾਇਕਾਂ ਦੀ ਗਿਣਤੀ 28 ਹੈ।
ਬਹੁਮਤ ਲਈ 35 ਵਿਧਾਇਕਾਂ ਦਾ ਹੋਣਾ ਜ਼ਰੂਰੀ ਹੈ। ਅਜਿਹੇ ਵਿੱਚ ਕਾਂਗਰਸ ਕੋਲ ਬਹੁਮਤ ਤੋਂ ਵੱਧ ਪੰਜ ਵਿਧਾਇਕ ਹਨ ਅਤੇ ਕਾਂਗਰਸ ਸਰਕਾਰ ਪਹਿਲਾਂ ਨਾਲੋਂ ਮਜ਼ਬੂਤ ਹੋ ਗਈ ਹੈ। ਦਿਲਚਸਪ ਗੱਲ ਇਹ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਅਤੇ ਭਾਜਪਾ ਦੇ ਵਿਧਾਇਕਾਂ ਦੀ ਗਿਣਤੀ ਕ੍ਰਮਵਾਰ 40 ਅਤੇ 25 ਸੀ। ਤਿੰਨ ਸੀਟਾਂ ‘ਤੇ ਆਜ਼ਾਦ ਵਿਧਾਇਕ ਸਨ।
ਹਿੰਦੂਸਥਾਨ ਸਮਾਚਾਰ