Ex-Agniveer News: ਭਾਰਤੀ ਫੌਜ ਵਿੱਚ ਅਗਨੀਵੀਰ ਵਜੋਂ ਸੇਵਾ ਨਿਭਾ ਚੁੱਕੇ ਜਵਾਨ ਹੁਣ ਵੱਖ-ਵੱਖ ਕੇਂਦਰੀ ਬਲਾਂ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰ ਸਕਣਗੇ। CISF, CRPF, BSF ਅਤੇ SSB ਨੇ ਸੇਵਾ ਮੁਕਤ ਹੋ ਚੁੱਕੇ ਅਗਨੀਵੀਰਾਂ ਲਈ ਰਾਖਵੇਂਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਨਿਯਮ ਜਲਦੀ ਹੀ ਲਾਗੂ ਕਰ ਦਿੱਤੇ ਜਾਣਗੇ।
ਦੱਸ ਦੇਈਏ ਕਿ ਦੋ ਸਾਲ ਪਹਿਲਾਂ ਜੂਨ 2022 ਵਿੱਚ ਕੇਂਦਰ ਦੀ ਮੋਦੀ ਸਰਕਾਰ ਨੇ ਅਗਨੀਪਥ ਯੋਜਨਾ ਦਾ ਐਲਾਨ ਕੀਤਾ ਸੀ। ਜਦੋਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਰੇ ਸੇਵਾਮੁਕਤ ਅਗਨੀਵੀਰਾਂ ਲਈ 10 ਫੀਸਦੀ ਰਾਖਵਾਂਕਰਨ ਦਾ ਵਾਅਦਾ ਕੀਤਾ ਸੀ। ਹੁਣ 2 ਸਾਲ ਬਾਅਦ ਕੇਂਦਰੀ ਬਲਾਂ ਨੇ ਕੇਂਦਰੀ ਬਲ ਨੇ ਸਾਬਕਾ ਅਗਨੀਵੀਰਾਂ ਨੂੰ 10 ਫੀਸਦੀ ਰਾਖਵਾਂਕਰਨ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਉਮਰ ਸੀਮਾ ਅਤੇ ਫਿਜੀਕਲ ਟੈਸਟ ਵਿੱਚ ਵੀ ਛੋਟ ਮਿਲੇਗੀ।
ਤੁਹਾਨੂੰ ਦੱਸ ਦੇਈਏ ਕਿ ਸੀਆਈਐਸਐਫ ਦੇ ਡੀਜੀ ਨੀਨਾ ਸਿੰਘ, ਬੀਐਸਐਫ ਦੇ ਡੀਜੀ ਨਿਤਿਨ ਅਗਰਵਾਲ, ਸੀਆਰਪੀਐਫ ਦੇ ਡੀਜੀ ਅਨੀਸ਼ ਦਿਆਲ ਸਿੰਘ ਅਤੇ ਐਸਐਸਬੀ ਦੇ ਡੀਜੀ ਦਲਜੀਤ ਸਿੰਘ ਚੌਧਰੀ ਨੇ ਦੱਸਿਆ ਕਿ ਇਨ੍ਹਾਂ ਕੇਂਦਰੀ ਬਲਾਂ ਵਿੱਚ ਜਦੋਂ ਵੀ ਭਰਤੀ ਹੋਵੇਗੀ। ਤਾਂ ਸਾਬਕਾ ਅਗਨੀਵੀਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ਭਾਵ ਅਗਨੀਵੀਰ ਲਈ 10 ਫੀਸਦੀ ਸੀਟਾਂ ਰਾਖਵੀਆਂ ਹੋਣਗੀਆਂ। ਸਾਬਕਾ ਅਗਨੀਵੀਰਾਂ ਨੂੰ ਉਮਰ ਸੀਮਾ ਅਤੇ ਫਿਜੀਕਲ ਟੈਸਟ ਵਿੱਚ ਵੀ ਛੋਟ ਮਿਲੇਗੀ। ਪਹਿਲੇ ਬੈਚ ਵਿੱਚ, ਸਾਬਕਾ ਅਗਨੀਵੀਰਾਂ ਨੂੰ ਉਮਰ ਸੀਮਾ ਵਿੱਚ 5 ਸਾਲ ਦੀ ਛੋਟ ਮਿਲੇਗੀ ਅਤੇ ਦੂਜੇ ਬੈਚ ਵਿੱਚ, 3 ਸਾਲ ਦੀ ਛੋਟ ਹੋਵੇਗੀ।
ਗ੍ਰਹਿ ਮੰਤਰਾਲੇ ਦੇ ਬਿਊਰੋ ਆਫ ਪੁਲਿਸ ਰਿਸਰਚ ਵਿਭਾਗ ਦੀ ਰਿਪੋਰਟ ਦੱਸਦੀ ਹੈ ਕਿ ਨੀਮ ਫੌਜੀ ਬਲਾਂ ਵਿੱਚ ਜਨਵਰੀ 2023 ਤੱਕ ਲੱਖਾਂ ਅਸਾਮੀਆਂ ਖਾਲੀ ਹਨ। ਜਨਵਰੀ 2023 ਤੱਕ, ਸੀਆਈਐਸਐਫ ਵਿੱਚ ਲਗਭਗ 28 ਹਜ਼ਾਰ, ਬੀਐਸਐਫ ਵਿੱਚ ਲਗਭਗ 20 ਹਜ਼ਾਰ, ਸੀਆਰਪੀਐਫ ਵਿੱਚ 30 ਹਜ਼ਾਰ ਅਤੇ ਐਸਐਸਬੀ ਵਿੱਚ ਲਗਭਗ 10 ਹਜ਼ਾਰ ਅਸਾਮੀਆਂ ਖਾਲੀ ਹਨ। ਇਨ੍ਹਾਂ ਤੋਂ ਇਲਾਵਾ ਆਸਾਮ ਰਾਈਫਲਜ਼ ਅਤੇ ਆਈਟੀਬੀਪੀ ਵਿੱਚ ਕਰੀਬ 4 ਹਜ਼ਾਰ ਅਸਾਮੀਆਂ ਦੀ ਭਰਤੀ ਅਜੇ ਬਾਕੀ ਹੈ।
ਕੀ ਹੈ ਅਗਨੀਪਥ ਸਕੀਮ, ਸਮਝੋ!
ਦਰਅਸਲ, ਕੇਂਦਰ ਸਰਕਾਰ ਨੇ ਫੌਜ ਵਾਧੂ ਕਰਨ ਦੇ ਉਦੇਸ਼ ਨਾਲ ਜੂਨ 2022 ਵਿੱਚ ਅਗਨੀਪਥ ਯੋਜਨਾ ਸ਼ੁਰੂ ਕੀਤੀ ਸੀ। ਇਸ ਸਕੀਮ ਤਹਿਤ ਸਾਢੇ 17 ਸਾਲ ਤੋਂ 21 ਸਾਲ ਤੱਕ ਦੀ ਉਮਰ ਦੇ ਨੌਜਵਾਨਾਂ ਨੂੰ ਤਿੰਨੋਂ ਫ਼ੌਜਾਂ ਵਿੱਚ ਅਗਨੀਵੀਰ ਵਜੋਂ ਭਰਤੀ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਸੇਵਾ ਦੀ ਉਮਰ ਸਿਰਫ਼ 4 ਸਾਲ ਹੈ। ਭਾਵ, ਚਾਰ ਸਾਲ ਫੌਜ ਵਿੱਚ ਸੇਵਾ ਕਰਨ ਤੋਂ ਬਾਅਦ, 25% ਅਗਨੀਵੀਰਾਂ ਨੂੰ ਫੌਜ ਵਿੱਚ ਬਰਕਰਾਰ ਰੱਖਿਆ ਜਾਂਦਾ ਹੈ, ਜਦੋਂ ਕਿ ਬਾਕੀ 75% ਨੂੰ ਸੇਵਾ ਤੋਂ ਮੁਕਤ ਕੀਤਾ ਜਾਂਦਾ ਹੈ। 25% ਅਗਨੀਵੀਰ ਜਿਨ੍ਹਾਂ ਨੂੰ ਚਾਰ ਸਾਲ ਬਾਅਦ ਬਰਕਰਾਰ ਰੱਖਿਆ ਜਾਵੇਗਾ, ਉਹ ਅਗਲੇ 15 ਸਾਲਾਂ ਤੱਕ ਫੌਜ ਵਿੱਚ ਸੇਵਾ ਕਰ ਸਕਣਗੇ।
ਜਦਕਿ ਪਹਿਲੇ ਸਾਲ ਅਗਨੀਵੀਰ ਦਾ ਸਾਲਾਨਾ ਪੈਕੇਜ 4.76 ਲੱਖ ਰੁਪਏ ਹੋਵੇਗਾ ਜੋ ਚੌਥੇ ਸਾਲ ਤੱਕ ਵਧ ਕੇ 6.92 ਲੱਖ ਰੁਪਏ ਹੋ ਜਾਵੇਗਾ। ਇਸ ਤੋਂ ਇਲਾਵਾ, 48 ਲੱਖ ਰੁਪਏ ਦਾ ਬੀਮਾ ਕਵਰ ਉਪਲਬਧ ਹੋਵੇਗਾ। ਜੇਕਰ ਕੋਈ ਸੇਵਾ ਦੌਰਾਨ ਸ਼ਹੀਦ ਹੋ ਜਾਂਦਾ ਹੈ ਜਾਂ ਅਪਾਹਜ ਹੋ ਜਾਂਦਾ ਹੈ ਤਾਂ 44 ਲੱਖ ਰੁਪਏ ਤੱਕ ਦਾ ਮੁਆਵਜ਼ਾ ਦਿੱਤਾ ਜਾਵੇਗਾ। ਇਨ੍ਹਾਂ ਅਗਨੀਵੀਰਾਂ ਨੂੰ ਪੈਨਸ਼ਨ ਜਾਂ ਗ੍ਰੈਚੁਟੀ ਨਹੀਂ ਮਿਲੇਗੀ।
ਕਈ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਹੋਏ ਸਨ
ਅਗਨੀਵੀਰ ਯੋਜਨਾ ਦੇ ਸ਼ੁਰੂ ਹੋਣ ਤੋਂ ਬਾਅਦ ਦੇਸ਼ ਭਰ ਦੇ ਕਈ ਸ਼ਹਿਰਾਂ ਵਿੱਚ ਇਸ ਦਾ ਵਿਰੋਧ ਸ਼ੁਰੂ ਹੋਇਆ ਸੀ। ਕਈ ਥਾਵਾਂ ‘ਤੇ ਪੁਤਲੇ ਫੂਕੇ ਗਏ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਸ ਨਾਲ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਹੋ ਰਿਹਾ ਹੈ। ਉਨ੍ਹਾਂ ਦੀ ਦਲੀਲ ਸੀ ਕਿ 4 ਸਾਲ ਕੰਮ ਕਰਨ ਤੋਂ ਬਾਅਦ ਨੌਜਵਾਨ ਬੇਰੁਜ਼ਗਾਰ ਹੋ ਜਾਣਗੇ। ਸਰਕਾਰ ਨੇ ਕੇਂਦਰੀ ਬਲਾਂ ਦੀ ਭਰਤੀ ਵਿੱਚ 10 ਫੀਸਦੀ ਰਾਖਵਾਂਕਰਨ ਦੇਣ ਦਾ ਵਾਅਦਾ ਕੀਤਾ ਸੀ।
ਹਿੰਦੂਸਥਾਨ ਸਮਾਚਾਰ