Washington D.C.,US: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲੀਆ ਰੂਸ ਫੇਰੀ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਲੈ ਕੈ ਉੱਚ ਅਮਰੀਕੀ ਅਧਿਕਾਰੀ ਨੇ ਵੀਰਵਾਰ ਨੂੰ ਭਾਰਤ ਨੂੰ ਚੇਤਾਵਨੀ ਦਿੱਤੀ ਕਿਲੰਬੇ ਸਮੇਂ ਦੇ, ਭਰੋਸੇਮੰਦ ਭਾਈਵਾਲ ਵਜੋਂ ਰੂਸ ‘ਤੇ ਦਾਅ ਲਗਾਉਣਾ ਸਹੀ ਨਹੀਂ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਅਤੇ ਚੀਨ ਵਿਚਾਲੇ ਟਕਰਾਅ ਦੀ ਸਥਿਤੀ ‘ਚ ਰੂਸ, ਨਵੀਂ ਦਿੱਲੀ ਦੀ ਬਜਾਏ ਬੀਜਿੰਗ ਦਾ ਸਾਥ ਦੇਵੇਗਾ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਜੇਕ ਸੁਲੀਵਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲ ਹੀ ‘ਚ ਮਾਸਕੋ ਯਾਤਰਾ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਇਹ ਟਿੱਪਣੀ ਕੀਤੀ। ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਵਿਆਪਕ ਗੱਲਬਾਤ ਕੀਤੀ ਸੀ।
ਸੁਲੀਵਨ ਨੇ ਕਿਹਾ, ਅਸੀਂ ਭਾਰਤ ਸਮੇਤ ਦੁਨੀਆ ਦੇ ਹਰ ਦੇਸ਼ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਲੰਬੇ ਸਮੇਂ ਦੇ ਭਰੋਸੇਮੰਦ ਸਾਥੀ ਦੇ ਰੂਪ ‘ਚ ਰੂਸ ‘ਤੇ ਭਰੋਸਾ ਕਰਨਾ ਚੰਗਾ ਦਾਅ ਨਹੀਂ ਹੈ। ਸੁਲੀਵਨ ਪਿਛਲੇ ਮਹੀਨੇ ਆਪਣੇ ਭਾਰਤੀ ਹਮਰੁਤਬਾ ਅਜੀਤ ਡੋਭਾਲ ਨਾਲ ਮੁਲਾਕਾਤਾਂ ਲਈ ਭਾਰਤ ਆਏ ਸਨ। ਅਮਰੀਕਾ ਦੇ ਉੱਚ ਅਧਿਕਾਰੀ ਨੇ ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਮੁਲਾਕਾਤ ਕੀਤੀ ਸੀ।
ਸੁਲੀਵਨ ਨੇ ਕਿਹਾ, “ਰੂਸ ਚੀਨ ਦੇ ਨੇੜੇ ਹੋ ਰਿਹਾ ਹੈ। ਅਸਲ ਵਿੱਚ, ਇਹ ਚੀਨ ਦਾ ਭਾਈਵਾਲ ਬਣਦਾ ਜਾ ਰਿਹਾ ਹੈ। ਇਸ ਤਰ੍ਹਾਂ, ਉਹ ਹਮੇਸ਼ਾ ਭਾਰਤ ਦੀ ਬਜਾਏ ਚੀਨ ਦਾ ਸਾਥ ਦੇਵੇਗਾ।” ਹਾਲਾਂਕਿ ਉਨ੍ਹਾਂ ਨੇ ਮੰਨਿਆ ਕਿ ਭਾਰਤ ਵਰਗੇ ਦੇਸ਼ਾਂ ਦੇ ਰੂਸ ਨਾਲ ਇਤਿਹਾਸਕ ਸਬੰਧ ਹਨ ਅਤੇ ਇਹ ਸਥਿਤੀ ਰਾਤੋ-ਰਾਤ ਨਾਟਕੀ ਢੰਗ ਨਾਲ ਬਦਲਣ ਵਾਲੀ ਨਹੀਂ ਹੈ। ਪ੍ਰਧਾਨ ਮੰਤਰੀ ਮੋਦੀ 22ਵੇਂ ਭਾਰਤ-ਰੂਸ ਸਾਲਾਨਾ ਸਿਖਰ ਸੰਮੇਲਨ ਲਈ ਦੋ ਦਿਨਾਂ ਲਈ ਰੂਸ ਵਿੱਚ ਸਨ ਅਤੇ ਯੂਕ੍ਰੇਨ ਵਿੱਚ ਚੱਲ ਰਹੇ ਟਕਰਾਅ ਦਰਮਿਆਨ ਉਨ੍ਹਾਂ ਦੀ ਯਾਤਰਾ ਨੂੰ ਪੱਛਮੀ ਦੇਸ਼ਾਂ ਨੇ ਨੇੜਿਓਂ ਦੇਖਿਆ ਹੈ।
ਹਿੰਦੂਸਥਾਨ ਸਮਾਚਾਰ