Chandigarh News : ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ (ਯੂਟੀ) ਦੇ ਵਿੱਤ ਸਕੱਤਰ ਦੇ ਅਹੁਦੇ ਲਈ ਭੇਜੇ ਦੋ ਨਾਵਾਂ ਦਾ ਪੈਨਲ ਰੱਦ ਕਰ ਦਿੱਤਾ ਹੈ। ਪਤਾ ਲੱਗਿਆ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਬਾ ਸਰਕਾਰ ਨੂੰ ਇਸ ਬਾਰੇ ਕੋਈ ਸੂਚਨਾਂ ਨਹੀਂ ਭੇਜੀ। ਇਕ ਸੀਨੀਅਰ ਅਧਿਕਾਰੀ ਨੇ ਗ੍ਰਹਿ ਮੰਤਰਾਲੇ ਦੁਆਰਾ ਵਿੱਤ ਸਕੱਤਰ ਲਈ ਭੇਜਿਆ ਪੈਨਲ ਰੱਦ ਕਰਨ ਦੀ ਪੁਸ਼ਟੀ ਕੀਤੀ ਹੈ।ਪੰਜਾਬ ਸਰਕਾਰ ਨੇ 2006 ਆਈਏਐੱਸ ਬੈਚ ਦੇ ਅਮਿਤ ਢਾਕਾ ਤੇ 2007 ਬੈਚ ਦੇ ਮੁਹੰਮਦ ਤਇਅਬ ਦਾ ਨਾਮ ਵਿੱਤ ਸਕੱਤਰ ਦੇ ਅਹੁਦੇ ਲਈ ਭੇਜਿਆ ਸੀ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅਮਿਤ ਢਾਕਾ ਦੇ ਨਾਮ ਨੂੰ ਮਨਜ਼ੂਰੀ ਦੇ ਦਿੱਤੀ ਸੀ ਪਰ ਸੂਤਰਾਂ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਹ ਪੈਨਲ ਰੱਦ ਕਰ ਦਿੱਤਾ ਹੈ। ਹੁਣ ਪੰਜਾਬ ਸਰਕਾਰ ਨੂੰ ਦੋ ਨਾਵਾਂ ਦਾ ਨਵਾਂ ਪੈਨਲ ਭੇਜਣਾ ਪਵੇਗਾ।
ਪੰਜਾਬ ਤੇ ਹਰਿਆਣਾ ਦੀ ਵੰਡ ਤੋਂ ਬਾਅਦ ਚੰਡੀਗੜ੍ਹ ’ਚ 60-40 ਦੇ ਅਨੁਪਾਤ ਨਾਲ ਅਧਿਕਾਰੀਆਂ ਤੇ ਮੁਲਾਜ਼ਮਾਂ ਦਾ ਕੋਟਾ ਹੈ, ਪਰ ਪਿਛਲੇ ਕਈ ਸਾਲਾਂ ਤੋ ਇਸ ਕੋਟੇ ਤੇ ਕੱਟ ਲਗਾਇਆ ਜਾ ਰਿਹਾ ਹੈ। ਪੰਜਾਬ ਪੁਨਰਗਠਨ ਐਕਟ 1966 ਅਨੁਸਾਰ ਵਿੱਤ ਸਕੱਤਰ ਦੀ ਅਸਾਮੀ ਪੰਜਾਬ ਤੇ ਗ੍ਰਹਿ ਸਕੱਤਰ ਦੀ ਆਸਾਮੀ ਹਰਿਆਣਾ ਦੇ ਖਾਤੇ ’ਚ ਹੈ। ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਹਰਿਆਣਾ ਤੇ ਐੱਸਐੱਸਪੀ ਪੰਜਾਬ ਕੇਡਰ ਦਾ ਲਾਇਆ ਜਾਂਦਾ ਹੈ। ਵਿੱਤ ਸਕੱਤਰ ਵਿਜੇ ਐਨ ਜ਼ਾਦੇ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਅਮਿਤ ਢਾਕਾ ਤੇ ਮੁਹੰਮਦ ਤਇਅਬ ਦੇ ਨਾਮ ਦਾ ਪੈਨਲ ਭੇਜਿਆ ਸੀ। ਕੇਂਦਰ ਸਰਕਾਰ ਨੇ ਰਾਜਪਾਲ ਵੱਲੋਂ ਅਮਿਤ ਢਾਕਾ ਦੇ ਨਾਮ ’ਤੇ ਮੋਹਰ ਨਹੀਂ ਲਗਾਈ। ਆਮ ਤੌਰ ’ਤੇ ਰਾਜਪਾਲ ਵੱਲੋਂ ਭੇਜੇ ਨਾਮ ’ਤੇ ਕੇਂਦਰੀ ਗ੍ਰਹਿ ਵਿਭਾਗ ਸਹੀ ਪਾ ਦਿੰਦਾ ਹੈ, ਪਰ ਇਸ ਵਾਰ ਮਨਜ਼ੂਰੀ ਦੀ ਮੋਹਰ ਕਿਉਂ ਨਹੀਂ ਲੱਗੀ, ਇਹ ਸਪੱਸ਼ਟ ਨਹੀਂ ਹੋ ਸਕਿਆ।
ਦੱਸਿਆ ਜਾਂਦਾ ਹੈ ਕਿ ਅਮਿਤ ਢਾਕਾ ਰਾਜਸਥਾਨ ’ਚ ਅਸ਼ੋਕ ਗਹਿਲੋਤ ਸਰਕਾਰ ਦੌਰਾਨ ਮੁੱਖ ਮੰਤਰੀ ਦੇ ਵਿਸ਼ੇਸ਼ ਸਕੱਤਰ ਰਹਿ ਚੁੱਕੇ ਹਨ। ਪੰਜਾਬ ਕੇਡਰ ਦਾ ਇਹ ਅਧਿਕਾਰੀ ਅੰਤਰਰਾਜੀ ਡੈਪੂਟੇਸ਼ਨ ’ਤੇ ਰਾਜਸਥਾਨ ਗਿਆ ਸੀ। ਜਦਕਿ ਮੁਹੰਮਦ ਤੈਅਬ ਪੰਜਾਬ ’ਚ ਵਿੱਤ ਸਕੱਤਰ ਦੇ ਅਹੁਦੇ ’ਤੇ ਤਾਇਨਾਤ ਹੈ।
ਹਿੰਦੂਸਥਾਨ ਸਮਾਚਾਰ