Punjab News: ਅਣਪਛਾਤੇ ਨੌਜਵਾਨਾਂ ਨੇ ਚੰਡੀਗੜ੍ਹ ਸਥਿਤ ਪੰਜਾਬ ਹੈੱਡਕੁਆਰਟਰ ਨੂੰ ਪੱਤਰ ਭੇਜ ਕੇ ਪੰਜਾਬ ਭਾਜਪਾ ਦੇ ਚਾਰ ਆਗੂਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਧਮਕੀ ਪੱਤਰ ਦੇ ਨਾਲ, ਪੈਕਟ ਵਿੱਚ ਇੱਕ ਜਲਣਸ਼ੀਲ ਪਦਾਰਥ ਵੀ ਮਿਲਿਆ ਹੈ। ਇਹ ਪੱਤਰ ਮਿਲਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਰਾਤ ਭਰ ਭਾਜਪਾ ਹੈੱਡਕੁਆਰਟਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ। ਧਮਕੀ ਪੱਤਰ ਵਿੱਚ ਆਗੂਆਂ ਨੂੰ ਭਾਜਪਾ ਛੱਡਣ ਜਾਂ ਦੁਨੀਆਂ ਛੱਡਣ ਦੀ ਚੇਤਾਵਨੀ ਦੇਣ ਦੇ ਨਾਲ ਖਾਲਿਸਤਾਨ ਅਤੇ ਪਾਕਿਸਤਾਨ ਜ਼ਿੰਦਾਬਾਦ ਦਾ ਨਾਅਰਾ ਲਿਖਿਆ ਗਿਆ ਹੈ।
ਜਿਨ੍ਹਾਂ ਆਗੂਆਂ ਨੂੰ ਧਮਕੀਂ ਮਿਲੀ ਹੈ, ਉਨ੍ਹਾਂ ਵਿੱਚ ਭਾਜਪਾ ਦੇ ਕੌਮੀ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਭਾਜਪਾ ਸਿੱਖ ਕੋਆਰਡੀਨੇਸ਼ਨ ਕਮੇਟੀ ਅਤੇ ਨੈਸ਼ਨਲ ਰੇਲਵੇ ਕਮੇਟੀ ਦੇ ਮੈਂਬਰ ਤੇਜਿੰਦਰ ਸਿੰਘ ਸਰਾਂ ਅਤੇ ਭਾਜਪਾ ਦੇ ਜਨਰਲ ਸਕੱਤਰ ਪਰਮਿੰਦਰ ਬਰਾੜ ਸ਼ਾਮਲ ਹਨ। ਇਸ ਤੋਂ ਇਲਾਵਾ ਭਾਜਪਾ ਦੇ ਸੂਬਾ ਸੰਗਠਨ ਜਨਰਲ ਸਕੱਤਰ ਸ਼੍ਰੀਨਿਵਾਸਲੁ ਦਾ ਨਾਮ ਵੀ ਹੈ।
ਭਾਜਪਾ ਆਗੂਆਂ ਵੱਲੋਂ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਭਾਜਪਾ ਆਗੂਆਂ ਨੇ ਅੱਜ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਨਾਲ ਮੁਲਾਕਾਤ ਲਈ ਸਮਾਂ ਮੰਗਿਆ ਹੈ।
ਧਮਕੀ ਪੱਤਰ ਵਿੱਚ ਭਾਜਪਾ ਆਗੂਆਂ ਨੂੰ ਕਿਹਾ ਗਿਆ ਹੈ ਕਿ ਪਹਿਲਾਂ ਵੀ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਤੁਹਾਨੂੰ ਚੇਤਾਵਨੀ ਦਿੱਤੀ ਸੀ ਕਿ ਤੁਸੀਂ ਆਪਣੇ ਸਿਰ ਪੱਗਾਂ ਵਿੱਚ ਬੰਨ੍ਹੀਆ ਹੋਈਆ ਹਨ। ਤੁਸੀਂ ਭਾਜਪਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਮਿਲ ਕੇ ਸਿੱਖਾਂ ਅਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੇ ਹੋ। ਤੁਸੀਂ ਆਰਐਸਐਸ ਨਾਲ ਸਿੱਖ ਮਾਮਲਿਆਂ ਵਿੱਚ ਦਖਲ ਦੇ ਰਹੇ ਹੋ, ਅਸੀਂ ਤੁਹਾਨੂੰ ਪਹਿਲਾਂ ਵੀ ਚੇਤਾਵਨੀ ਦਿੱਤੀ ਸੀ। ਤੁਸੀਂ ਜਾਂ ਤਾਂ ਭਾਜਪਾ ਛੱਡ ਦਿਓ ਜਾਂ ਅਸੀਂ ਤੁਹਾਨੂੰ ਇਸ ਦੁਨੀਆ ਤੋਂ ਹਟਾ ਦੇਵਾਂਗੇ। ਭਾਜਪਾ ਦੇ ਚਾਰੇ ਆਗੂਆਂ ਨੂੰ ਸਿੱਖ ਧਰਮ ਦੇ ਗੱਦਾਰ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਧਮਕੀ ਪੱਤਰ ਵਿੱਚ ਹੋਰ ਵੀ ਕਈ ਇਤਰਾਜ਼ਯੋਗ ਗੱਲਾਂ ਲਿਖੀਆਂ ਗਈਆਂ ਹਨ। ਧਮਕੀ ਦੀ ਸੂਚਨਾ ਮਿਲਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਭਾਜਪਾ ਹੈੱਡਕੁਆਰਟਰ ਦੀ ਸੁਰੱਖਿਆ ਵਧਾ ਦਿੱਤੀ ਹੈ।
ਹਿੰਦੂਸਥਾਨ ਸਮਾਚਾਰ