Wimbledon 2024: ਸਰਬੀਆ ਦੇ ਸਟਾਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਸੋਮਵਾਰ ਨੂੰ ਡੈਨਮਾਰਕ ਦੇ ਹੋਲਗਰ ਰੂਨ ਨੂੰ 6-3, 6-4, 6-2 ਨਾਲ ਹਰਾ ਕੇ 15ਵੀਂ ਵਾਰ ਵਿੰਬਲਡਨ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। 24 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਜੋਕੋਵਿਚ ਨੇ ਰੂਨ ਨੂੰ ਝਟਕਾ ਦਿੱਤਾ ਅਤੇ ਸ਼ੁਰੂਆਤੀ ਸੈੱਟ ਵਿੱਚ ਲਗਾਤਾਰ 12 ਅੰਕ ਲੈ ਕੇ 3-0 ਦੀ ਬੜ੍ਹਤ ਬਣਾ ਲਈ।
21 ਸਾਲਾ ਰੂਨ ਸੱਤ ਵਾਰ ਦੇ ਵਿੰਬਲਡਨ ਚੈਂਪੀਅਨ ਨਾਲ ਮੁਕਾਬਲਾ ਕਰਨ ਲਈ ਮੁਸ਼ਕਿਲ ਨਾਲ ਆਪਣੀ ਖੇਡ ਵਧ ਸਕੇ ਅਤੇ ਪਿਛਲੇ ਸਾਲ ਵਾਂਗ ਆਲ ਇੰਗਲੈਂਡ ਕਲੱਬ ਵਿੱਚ ਕੁਆਰਟਰ ਫਾਈਨਲ ਵਿੱਚ ਪਹੁੰਚਣ ਵਿੱਚ ਨਾਕਾਮ ਰਹੇ। 37 ਸਾਲਾ ਜੋਕੋਵਿਚ ਨੇ ਜਿੱਤ ਤੋਂ ਬਾਅਦ ਕਿਹਾ, “ਮੈਨੂੰ ਨਹੀਂ ਲੱਗਦਾ ਕਿ ਹੋਲਗਰ ਆਪਣੇ ਸਰਵਸ੍ਰੇਸ਼ਠ ਦੇ ਨੇੜੇ ਵੀ ਖੇਡਿਆ। ਇਹ ਉਸ ਲਈ ਮੁਸ਼ਕਲ ਸ਼ੁਰੂਆਤ ਸੀ। ਇਸਨੇ ਉਸਨੂੰ ਮਾਨਸਿਕ ਤੌਰ ‘ਤੇ ਪ੍ਰਭਾਵਿਤ ਕੀਤਾ।’’
ਅਗਲੇ ਦੌਰ ਵਿੱਚ ਜੋਕੋਵਿਚ ਦਾ ਸਾਹਮਣਾ ਐਲੇਕਸ ਡੀ ਮਿਨੌਰ ਨਾਲ ਹੋਵੇਗਾ। ਆਸਟ੍ਰੇਲੀਆ ਦੇ ਖਿਡਾਰੀ ਮਿਨੌਰ ਨੇ ਫਰਾਂਸ ਦੇ ਆਰਥਰ ਫਿਲਸ ਨੂੰ 6-2, 6-4, 4-6, 6-3 ਨਾਲ ਹਰਾਇਆ। ਇੱਕ ਹੋਰ ਮੈਚ ਵਿੱਚ ਅਮਰੀਕਾ ਦੇ ਤਜਰਬੇਕਾਰ ਟੇਲਰ ਫ੍ਰਿਟਜ਼ ਨੇ ਦੋ ਸੈੱਟਾਂ ਵਿੱਚ ਵਾਪਸੀ ਕਰਦਿਆਂ ਅਲੈਗਜ਼ੈਂਡਰ ਜਵੇਰੇਵ ਨੂੰ 4-6, 6-7(4), 6-4, 7-6(3), 6-3 ਨਾਲ ਹਰਾਇਆ।
ਮਹਿਲਾ ਸਿੰਗਲਜ਼ ਵਿੱਚ ਪਿਛਲੇ ਸਾਲ ਸੈਮੀਫਾਈਨਲ ਵਿੱਚ ਪਹੁੰਚੀ ਯੂਕ੍ਰੇਨ ਦੀ ਏਲੀਨਾ ਸਵਿਤੋਲਿਨਾ ਨੇ ਚੀਨ ਦੀ ਵਾਂਗ ਸ਼ਿਨਿਊ ਨੂੰ ਇੱਕ ਘੰਟੇ ਤੋਂ ਘੱਟ ਸਮੇਂ ਵਿੱਚ 6-2, 6-1 ਨਾਲ ਹਰਾਇਆ। 29 ਸਾਲਾ ਸਵਿਤੋਲਿਨਾ ਦਾ ਸਾਹਮਣਾ ਕੁਆਰਟਰ ਫਾਈਨਲ ਵਿੱਚ 2022 ਦੀ ਵਿੰਬਲਡਨ ਚੈਂਪੀਅਨ ਕਜ਼ਾਕਿਸਤਾਨ ਦੀ ਏਲੇਨਾ ਰਾਇਬਾਕੀਨਾ ਨਾਲ ਹੋਵੇਗਾ।
ਅੰਤ.
ਹਿੰਦੂਸਥਾਨ ਸਮਾਚਾਰ