Gurdaspur News: ਗੁਰਦਾਸਪੁਰ ਦੇ ਪਿੰਡ ਬਾਬੋਵਾਲ ’ਚ ਨਸ਼ੇ ਦੀ ਓਵਰਡੋਜ਼ ਨਾਲ 27 ਸਾਲਾ ਨੌਜਵਾਨ ਅਮਿਤ ਮਸੀਹ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਥੇ ਹੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਨੌਜਵਾਨ ਦੇ ਦੋਸਤਾਂ ’ਤੇ ਨਸ਼ੇ ਦਾ ਟੀਕਾ ਲਗਾਉਣ ਦੇ ਆਰੋਪ ਲਗਾਏ ਹਨ। ਮ੍ਰਿਤਕ ਦੀ ਮਾਂ ਸੁਨੀਤਾ ਨੇ ਕਿਹਾ ਪਿੰਡ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਪਰ ਪੁਲਿਸ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ਼ ਕੋਈ ਕਾਰਵਾਈ ਨਹੀ ਕਰਦੀ ਜਿਸ ਕਰਕੇ ਅੱਜ ਉਨਾਂ ਦੇ ਬੇਟੇ ਦੀ ਮੌਤ ਹੋਈ ਹੈ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਅਮਿਤ ਮਸੀਹ ਦੀ ਮਾਤਾ ਸੁਨੀਤਾ ਅਤੇ ਪਤਨੀ ਸ਼ਿਵਾਲੀ ਨੇ ਦੱਸਿਆ ਕਿ ਅਮਿਤ ਪਹਿਲਾਂ ਨਸ਼ਾ ਕਰਦਾ ਸੀ ਪਰ ਪਿਛਲੇ ਸੱਤ ਮਹੀਨੇ ਨਸ਼ਾ ਮੁਕਤੀ ਕੇਂਦਰ ਵਿੱਚ ਦਾਖਿਲ ਰਹਿਣ ਤੋਂ ਬਾਅਦ ਉਹ ਨਸ਼ਾ ਛੱਡ ਗਿਆ ਸੀ ਪਰ ਕੱਲ ਉਸਦੇ ਦੋ ਦੋਸਤ ਉਸਨੂੰ ਆਪਣੇ ਨਾਲ ਲੈ ਗਏ ਜਿਨਾਂ ਨੇ ਜ਼ਬਰਦਸਤੀ ਉਸਨੂੰ ਨਸ਼ੇ ਦਾ ਟੀਕਾ ਲਾਇਆ ਹੈ ਜਿਸ ਕਰਕੇ ਅਮਿਤ ਦੀ ਨਸ਼ੇ ਦੀ ਓਵਰਡੋਜ ਕਰਕੇ ਮੌਤ ਹੋ ਗਈ ਅਤੇ ਉਸਦੇ ਦੋਸਤ ਉਸ ਨੂੰ ਇੱਕ ਈ ਰਿਕਸ਼ਾ ਵਿੱਚ ਛੱਡ ਕੇ ਭੱਜ ਗਏ ਜਿਸ ਤੋਂ ਬਾਅਦ ਮੁਹੱਲੇ ਦੇ ਲੋਕਾਂ ਨੇ ਉਹਨਾਂ ਨੂੰ ਸੂਚਨਾ ਦਿੱਤੀ ਕਿ ਉਹਨਾਂ ਦਾ ਬੇਟਾ ਅਮਿਤ ਈ ਰਿਕਸ਼ਾ ਵਿੱਚ ਬੇਸੁਧ ਪਿਆ ਹੋਇਆ ਹੈ ਜਦੋਂ ਉਸਨੂੰ ਚੁੱਕ ਕੇ ਹਸਪਤਾਲ ਖੜਿਆ ਗਿਆ ਤਾਂ ਉੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਨਾਂ ਦੋਸ਼ ਲਗਾਇਆ ਕਿ ਉਸਦੇ ਦੋਸਤਾਂ ਨੇ ਹੀ ਉਸਨੂੰ ਨਸ਼ੇ ਦਾ ਟੀਕਾ ਲਗਾਇਆ ਹੈ ਕਿਉਂਕਿ ਉਸਦੇ ਦੋਸਤ ਪਹਿਲਾਂ ਵੀ ਨਸ਼ੇ ਦੇ ਆਦੀ ਹਨ। ਉਨਾਂ ਕਿਹਾ ਕਿ ਪਿੰਡ ਵਿੱਚ ਸ਼ਰੇਆਮ ਨਸ਼ਾ ਵਿਕਦਾ ਹੈ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕਰਦੀ ਉਨਾਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਜਿਨਾਂ ਨੇ ਉਸਦੇ ਬੇਟੇ ਨੂੰ ਨਸ਼ੇ ਦਾ ਟੀਕਾ ਲਗਾਇਆ ਹੈ ਉਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ
ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐਸ. ਪੀ. ਮੋਹਨ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਦੀ ਲਾਸ਼ ਆਈ ਹੈ। ਉਨਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਕਰਵਾਉਣ ਦੇ ਲਈ ਭੇਜ ਦਿੱਤਾ ਹੈ। ਉਹਨਾਂ ਕਿਹਾ ਕਿ ਪਰਿਵਾਰਿਕ ਮੈਂਬਰ ਜੋ ਵੀ ਬਿਆਨ ਦਰਜ ਕਰਵਾਉਣਗੇ ਉਸ ਹਿਸਾਬ ਨਾਲ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ