Tamil Nadu: ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਚੇਨਈ ਵਿੱਚ ਸ਼ੁੱਕਰਵਾਰ ਨੂੰ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਪ੍ਰਧਾਨ ਆਰਮਸਟ੍ਰਾਂਗ ਦੇ ਕਤਲ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ।
ਸਟਾਲਿਨ ਨੇ ਸ਼ਨੀਵਾਰ ਨੂੰ ਐਕਸ ’ਤੇ ਕਿਹਾ ਕਿ ਆਰਮਸਟ੍ਰਾਂਗ ਦਾ ਕਤਲ ਹੈਰਾਨ ਕਰਨ ਵਾਲਾ ਅਤੇ ਬੇਹੱਦ ਦੁਖਦ ਹੈ। ਪੁਲਿਸ ਨੇ ਰਾਤ ਨੂੰ ਕਤਲ ਵਿੱਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੇ ਆਰਮਸਟ੍ਰਾਂਗ ਦੀ ਪਾਰਟੀ, ਦੁਖੀ ਪਰਿਵਾਰ, ਰਿਸ਼ਤੇਦਾਰਾਂ ਅਤੇ ਦੋਸਤਾਂ ਪ੍ਰਤੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੁਲਿਸ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਹੁਕਮ ਦਿੱਤਾ ਗਿਆ ਹੈ।
ਭਾਰਤੀ ਜਨਤਾ ਪਾਰਟੀ ਨੇ ਸੱਤਾਧਾਰੀ ਡੀਐਮਕੇ ਸਰਕਾਰ ‘ਤੇ ਹਮਲਾ ਬੋਲਿਆ ਅਤੇ ਸੂਬੇ ‘ਚ ਕਾਨੂੰਨ ਵਿਵਸਥਾ ਦੀ ਹਾਲਤ ਨੂੰ ਮਾੜੀ ਦੱਸਿਆ। ਤਾਮਿਲਨਾਡੂ ਭਾਜਪਾ ਦੇ ਉਪ ਪ੍ਰਧਾਨ ਨਰਾਇਣਨ ਤਿਰੂਪਤੀ ਨੇ ਕਿਹਾ ਕਿ ਚੇਨਈ ਕਤਲਾਂ ਦਾ ਸ਼ਹਿਰ ਬਣਦਾ ਜਾ ਰਿਹਾ ਹੈ। ਪੂਰੇ ਸੂਬੇ ਵਿੱਚ ਪਿਛਲੇ 2-3 ਸਾਲਾਂ ਵਿੱਚ ਸੰਗਠਿਤ ਅਪਰਾਧ ਵਧਿਆ ਹੈ। ਡੀਐਮਕੇ ਸਰਕਾਰ ਦਾ ਦ੍ਰਾਵਿੜ ਮਾਡਲ ਸਾਰਿਆਂ ਨੇ ਦੇਖਿਆ ਹੈ। ਤਿਰੂਪਤੀ ਨੇ ਪੁੱਛਿਆ ਹੈ ਕਿ ਪ੍ਰਸ਼ਾਸਨ ਕਿੱਥੇ ਹੈ?
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪ੍ਰਸ਼ਾਸਨ ਦੀ ਨਾਕਾਮੀ ਦਾ ਮੁੱਖ ਕਾਰਨ ਡਰੱਗ ਸਿੰਡੀਕੇਟ ਹੈ। ਸਰਕਾਰ ਡਰੱਗ ਸਿੰਡੀਕੇਟ ਅਤੇ ਨਜਾਇਜ਼ ਸ਼ਰਾਬ ਨੂੰ ਨੱਥ ਪਾਉਣ ਵਿੱਚ ਅਸਮਰੱਥ ਹੈ। ਪੁਲਿਸ ਨੂੰ ਖੁੱਲ੍ਹੀ ਛੂਟ ਦੇਣ ਦੀ ਲੋੜ ਹੈ, ਨਹੀਂ ਤਾਂ ਕਤਲ ਹੁੰਦੇ ਰਹਿਣਗੇ। ਜੇਕਰ ਮੁੱਖ ਮੰਤਰੀ ਇਸ ਗੜਬੜੀ ਨੂੰ ਕਾਬੂ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਹਿੰਦੂਸਥਾਨ ਸਮਾਚਾਰ