Kolkata News: ਬੀਐਸਐਫ, ਦੱਖਣੀ ਬੰਗਾਲ ਫਰੰਟੀਅਰ ਦੇ ਅਧੀਨ ਨਦੀਆ ਜ਼ਿਲ੍ਹੇ ਵਿੱਚ ਤਾਇਨਾਤ 68ਵੀਂ ਕੋਰ ਦੇ ਜਵਾਨਾਂ ਨੇ ਇਸ ਸਾਂਝੇ ਆਪ੍ਰੇਸ਼ਨ ਨੂੰ ਅੰਜਾਮ ਦਿੰੱਤਾ ਹੈ। ਲੜੀਵਾਰ ਤਲਾਸ਼ੀ ਮੁਹਿੰਮ ਦੌਰਾਨ 7 ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਇਨ੍ਹਾਂ ਤਸਕਰਾਂ ਦੇ ਕਬਜ਼ੇ ‘ਚੋਂ 9.572 ਕਿਲੋ ਵਜ਼ਨ ਦੀਆਂ 16 ਸੋਨੇ ਦੀਆਂ ਇੱਟਾਂ ਅਤੇ ਇਕ ਸੋਨੇ ਦਾ ਬਿਸਕੁਟ ਬਰਾਮਦ ਕੀਤਾ ਗਿਆ। ਇਸਦੇ ਨਾਲ ਹੀ 11 ਲੱਖ 58 ਹਜ਼ਾਰ 500 ਰੁਪਏ ਦੀ ਨਕਦੀ ਅਤੇ ਸੋਨੇ ਦੀ ਡਿਲੀਵਰੀ ਵਿੱਚ ਵਰਤੀ ਗਈ ਮਾਰੂਤੀ ਈਕੋ ਕਾਰ ਵੀ ਜ਼ਬਤ ਕੀਤੀ ਗਈ ਹੈ। ਜ਼ਬਤ ਕੀਤੇ ਗਏ ਸੋਨੇ ਦੀ ਕੁੱਲ ਬਾਜ਼ਾਰੀ ਕੀਮਤ 6 ਕਰੋੜ 86 ਲੱਖ 23 ਹਜ਼ਾਰ 582 ਰੁਪਏ ਦੱਸੀ ਗਈ ਹੈ।
ਬੀਐਸਐਫ ਵੱਲੋਂ ਸ਼ੁੱਕਰਵਾਰ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਘਟਨਾ 4 ਜੁਲਾਈ ਨੂੰ ਵਾਪਰੀ ਜਦੋਂ ਬੀਐਸਐਫ ਦੀ ਖੁਫੀਆ ਸ਼ਾਖਾ ਨੂੰ ਡੀਆਰਆਈ ਵੱਲੋਂ ਸੋਨੇ ਦੀ ਤਸਕਰੀ ਦੀ ਸੂਚਨਾ ਮਿਲੀ। ਸੂਚਨਾ ਦੀ ਪੁਸ਼ਟੀ ਹੋਣ ਤੋਂ ਬਾਅਦ, ਬੀਐਸਐਫ ਦੀ 68ਵੀਂ ਕੋਰ ਦੇ ਜਵਾਨਾਂ ਅਤੇ ਡੀਆਰਆਈ ਦੀ ਸਾਂਝੀ ਟੀਮ ਨੇ ਸੀਮਾਨਗਰ ਖੇਤਰ ਵਿੱਚ ਰਾਜ ਮਾਰਗ ਨੰਬਰ 11 ‘ਤੇ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਸਵੇਰੇ 5:30 ਵਜੇ ਤੋਂ ਸਵੇਰੇ 9 ਵਜੇ ਤੱਕ ਚੱਲੇ ਇਸ ਆਪ੍ਰੇਸ਼ਨ ਵਿੱਚ ਦੋ ਤਸਕਰਾਂ ਨੂੰ ਇੱਕ ਸ਼ੱਕੀ ਮਾਰੂਤੀ ਈਕੋ ਕਾਰ ਵਿੱਚੋਂ 4.8 ਕਿਲੋ ਸੋਨੇ ਸਮੇਤ ਕਾਬੂ ਕੀਤਾ ਗਿਆ। ਇਸ ਤੋਂ ਬਾਅਦ ਚਾਰ ਹੋਰ ਸਮੱਗਲਰਾਂ ਨੂੰ 4.82 ਕਿਲੋ ਸੋਨੇ ਸਮੇਤ ਕਾਬੂ ਕੀਤਾ ਗਿਆ। ਮੁੱਢਲੀ ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ ‘ਤੇ ਪਿੰਡ ਕਰੀਮਪੁਰ ਦੇ ਰਾਮਨਗਰ ‘ਚ ਇਕ ਸ਼ੱਕੀ ਘਰ ਦੀ ਤਲਾਸ਼ੀ ਦੌਰਾਨ ਇਕ ਵਿਅਕਤੀ ਨੂੰ ਇਕ ਸੋਨੇ ਦੇ ਬਿਸਕੁਟ ਅਤੇ 11 ਲੱਖ 58 ਹਜ਼ਾਰ 500 ਰੁਪਏ ਦੀ ਨਾਜਾਇਜ਼ ਨਕਦੀ ਸਮੇਤ ਕਾਬੂ ਕੀਤਾ ਗਿਆ।
ਫੜੇ ਗਏ ਮੁੱਖ ਤਸਕਰ ਦੀ ਪਛਾਣ ਰਫੀਕ ਮੰਡਲ (ਬਦਲਿਆ ਹੋਇਆ ਨਾਮ) ਵਜੋਂ ਹੋਈ ਹੈ, ਜੋ ਕਿ ਜ਼ਿਲ੍ਹਾ ਨਾਦੀਆ ਦੇ ਤਾਏਪੁਰ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਛੇ ਹੋਰ ਸੋਨੇ ਦੇ ਕੁਰੀਅਰਾਂ ਦੀ ਪਛਾਣ ਲਾਲ, ਰਵੀ, ਪ੍ਰਦੀਪ, ਦਾਊਦ, ਸੀਮੰਤੋ ਅਤੇ ਬਿੱਟੂ (ਸਾਰੇ ਨਾਮ ਬਦਲੇ ਹੋਏ) ਵਜੋਂ ਹੋਈ ਹੈ, ਜੋ ਸਾਰੇ ਵਾਸੀ ਨਾਦੀਆ ਹਨ।
ਮੁੱਢਲੀ ਪੁੱਛਗਿੱਛ ਦੌਰਾਨ ਰਫੀਕ ਮੰਡਲ ਨੇ ਦੱਸਿਆ ਕਿ ਉਹ ਕਾਫ਼ੀ ਦਿਨ੍ਹਾਂ ਤੋਂ ਸੋਨੇ ਦੀ ਤਸਕਰੀ ਦਾ ਧੰਦਾ ਕਰ ਰਿਹਾ ਸੀ ਅਤੇ ਇਸ ਵਾਰ ਉਹ ਕ੍ਰਿਸ਼ਨਾਨਗਰ ਵਿਖੇ ਕਿਸੇ ਅਣਪਛਾਤੇ ਵਿਅਕਤੀ ਨੂੰ ਸੋਨੇ ਦੀ ਖੇਪ ਪਹੁੰਚਾਉਣ ਜਾ ਰਿਹਾ ਸੀ। ਬਦਲੇ ਵਿੱਚ ਉਸਨੂੰ 3000 ਰੁਪਏ ਮਿਲਣੇ ਸਨ। ਪਰ ਬੀਐਸਐਫ ਨੇ ਉਸਨੂੰ ਪਹਿਲਾਂ ਹੀ ਸੋਨੇ ਸਮੇਤ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਪਹਿਲਾਂ 2022 ਵਿੱਚ ਵੀ ਉਸ ਨੂੰ ਬੀਐਸਐਫ ਨੇ 16 ਸੋਨੇ ਦੇ ਬਿਸਕੁਟਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ ਅਤੇ ਉਸਦਾ ਕੇਸ ਹਾਲੇ ਵੀ ਚੱਲ ਰਿਹਾ ਹੈ। ਫੜੇ ਗਏ ਸਾਰੇ ਤਸਕਰਾਂ ਅਤੇ ਸੋਨਾ ਅਗਲੀ ਕਾਨੂੰਨੀ ਕਾਰਵਾਈ ਲਈ ਡੀਆਰਆਈ, ਕੋਲਕਾਤਾ ਨੂੰ ਸੌਂਪ ਦਿੱਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ