Ludhiana News: ਪੰਜਾਬ ਦੇ ਲੁਧਿਆਣਾ ‘ਚ ਸ਼ਿਵ ਸੈਨਾ ਦੇ ਨੇਤਾ ‘ਤੇ ਨਿਹੰਗਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਘਟਨਾ ਦਾ ਸ਼ਿਕਾਰ ਹੋਏ ਸੰਦੀਪ ਥਾਪਰ ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜ ਹਨ। ਹਮਲੇ ਦੌਰਾਨ ਨਿਹੰਗਾਂ ਨੇ ਸੰਦੀਪ ਥਾਪਰ ਦੇ ਸੁਰੱਖਿਆ ਕਰਮੀਆਂ ਦਾ ਰਿਵਾਲਵਰ ਖੋਹ ਲਿਆ ਅਤੇ ਉਨ੍ਹਾਂ ਨਾਲ ਵੀ ਕੁੱਟਮਾਰ ਕੀਤੀ। ਦਿਨ ਦਿਹਾੜੇ ਬਾਜ਼ਾਰ ‘ਚ ਹਮਲੇ ਤੋਂ ਬਾਅਦ ਨਿਹੰਗਾਂ ਸ਼ਿਵ ਸੈਨਾ ਆਗੂ ਦੀ ਸਕੂਟੀ ਲੈ ਕੇ ਫਰਾਰ ਹੋ ਗਏ। ਪੁਲਿਸ ਨੇ ਨਾਕਾਬੰਦੀ ਕਰਕੇ ਹਮਲਾਵਰ ਨਿਹੰਗਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜ਼ਖਮੀ ਸੰਦੀਪ ਥਾਪਰ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਨੂੰ ਉਹ ਇਕ ਧਾਰਮਿਕ ਸਮਾਗਮ ‘ਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਗੰਨਮੈਨ ਨਾਲ ਘਰ ਪਰਤ ਰਹੇ ਸੀ। ਸਿਵਲ ਹਸਪਤਾਲ ਨੇੜੇ ਤਿੰਨ ਨਿਹੰਗਾਂ ਨੇ ਆ ਕੇ ਉਨ੍ਹਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਉਨ੍ਹਾਂ ਨੇ ਉਨ੍ਹਾਂ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਨਿਹੰਗਾਂ ਨੇ ਉਨ੍ਹਾਂ ਦੇ ਗੰਨਮੈਨ ਦਾ ਰਿਵਾਲਵਰ ਵੀ ਖੋਹ ਲਿਆ। ਸੰਦੀਪ ਥਾਪਰ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਫੋਨ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਉਨ੍ਹਾਂ ਨੇ ਕਈ ਵਾਰ ਪੁਲਿਸ ਨੂੰ ਸੂਚਿਤ ਕੀਤਾ ਪਰ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਇਸ ਘਟਨਾ ਤੋਂ ਗੁੱਸੇ ‘ਚ ਆਏ ਹਿੰਦੂ ਆਗੂਆਂ ਨੇ ਸੜਕਾਂ ‘ਤੇ ਆ ਕੇ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਕੇ ਜਾਮ ਲਗਾ ਦਿੱਤਾ ਅਤੇ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ। ਲੁਧਿਆਣਾ ਵਿੱਚ ਤਣਾਅਪੂਰਨ ਸਥਿਤੀ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ। ਪੁਲਿਸ ਵੱਲੋਂ ਬਾਜ਼ਾਰਾਂ ਵਿੱਚ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ। ਮੌਕੇ ’ਤੇ ਪੁੱਜੇ ਸ਼ਿਵ ਸੈਨਾ ਆਗੂ ਭਾਨੂ ਪ੍ਰਤਾਪ ਅਤੇ ਅਮਿਤ ਕੌਂਡਲ ਨੇ ਦੱਸਿਆ ਕਿ ਸੰਦੀਪ ਥਾਪਰ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਤੇ ਪੁਲਿਸ ਸਭ ਕੁਝ ਜਾਣਦਿਆਂ ਹੋਇਆਂ ਵੀ ਹੱਥ ’ਤੇ ਹੱਥ ਧਰੇ ਬੈਠੀ ਰਹੀ।
ਡੀਸੀਪੀ ਜਸਕਰਨ ਸਿੰਘ ਤੇਜਾ ਸੰਦੀਪ ਥਾਪਰ ਨੂੰ ਮਿਲਣ ਹਸਪਤਾਲ ਪੁੱਜੇ। ਉਨ੍ਹਾਂ ਕਿਹਾ ਕਿ ਨਿਹੰਗਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਹਿੰਦੂਸਥਾਨ ਸਮਾਚਾਰ