Amritpal Singh Parole News: ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅੰਮ੍ਰਿਤਪਾਲ ਜਲਦੀ ਹੀ ਸੰਸਦ ਮੈਂਬਰ ਵਜੋਂ ਸਹੁੰ ਚੁੱਕਣਗੇ। ਇਸ ਦੇ ਲਈ ਅੰਮ੍ਰਿਤਪਾਲ ਨੂੰ ਸ਼ੁੱਕਰਵਾਰ (5 ਜੁਲਾਈ) ਤੋਂ 4 ਦਿਨ ਜਾਂ ਇਸ ਤੋਂ ਘੱਟ ਦੀ ਪੈਰੋਲ ਮਿਲੀ ਹੈ ਪਰ ਇਨ੍ਹਾਂ 4 ਦਿਨਾਂ ਵਿੱਚ ਉਹ ਨਾ ਤਾਂ ਰਈਆ ਸਥਿਤ ਆਪਣੇ ਘਰ ਆ ਸਕਣਗੇ, ਨਾ ਹੀ ਆਪਣੇ ਲੋਕ ਸਭਾ ਹਲਕੇ ਅਤੇ ਨਾ ਹੀ ਪੰਜਾਬ। ਉਨ੍ਹਾਂ ਨੂੰ ਇਹ ਪੈਰੋਲ ਕੁਝ ਸ਼ਰਤਾਂ ਨਾਲ ਦਿੱਤੀ ਗਈ ਹੈ।
ਪੈਰੋਲ ਦੀਆਂ ਸ਼ਰਤਾਂ-
1. SSP, ਅੰਮ੍ਰਿਤਸਰ (ਦਿਹਾਤੀ) ਪੁਲਿਸ ਮੁਲਾਜ਼ਮਾਂ ਦੀ ਨਫਰੀ ਅੰਮ੍ਰਿਤਪਾਲ ਸਿੰਘ ਦੇ ਨਾਲ ਡਿਬਰੂਗੜ੍ਹ ਜੇਲ੍ਹ ਤੋਂ ਟੈਂਪਰੇਰੀ ਤੌਰ ‘ਤੇ ਰਿਹਾਅ ਹੋਣ ਤੋਂ ਲੈ ਕੇ ਜੇਲ੍ਹ ਵਾਪਸ ਜਾਣ ਤੱਕ ਨਾਲ ਹੀ ਰਹੇਗੀ। ਇਸ ਸਮੇਂ ਦੌਰਾਨ ਡਿਬਰੂਗੜ੍ਹ ਜੇਲ੍ਹ ਦੇ ਕੁਝ ਸੁਰੱਖਿਆ ਕਰਮੀ ਵੀ ਉਨ੍ਹਾਂ ਦੇ ਨਾਲ ਰਹਿਣਗੇ।
2. ਅੰਮ੍ਰਿਤਪਾਲ ਸੰਸਦ ਭਵਨ ਕੰਪਲੈਕਸ ਵਿੱਚ ਮੌਜੂਦਗੀ ਤੱਕ ਉਨ੍ਹਾਂ ਦੇ ਨਾਲ ਸੁਰੱਖਿਆ ਮੁਲਾਜ਼ਮ ਹੋਣਗੇ ਪਰ ਜਿੰਨੀ ਲੋਕ ਸਭਾ ਦੇ ਸਕੱਤਰ ਜਨਰਲ ਵੱਲੋਂ ਆਗਿਆ ਹੋਵੇਗੀ।
3. ਪੈਰੋਲ ਸਮੇਂ ਦੌਰਾਨ ਉਹ ਨਵੀਂ ਦਿੱਲੀ ਤੋਂ ਇਲਾਵਾ ਕਿਸੇ ਹੋਰ ਇਲਾਕੇ ਵਿੱਚ ਦਾਖਲ ਨਹੀਂ ਹੋਣਗੇ।
4. ਪੈਰੋਲ ਦੀ ਮਿਆਦ ਵਿੱਚ ਕੇਂਦਰੀ ਜੇਲ੍ਹ ਡਿਬਰੂਗੜ੍ਹ ਤੋਂ ਨਵੀਂ ਦਿੱਲੀ ਫਿਰ ਵਾਪਸ ਜਾਣ ਤੱਕ ਦਾ ਸਮਾਂ ਸ਼ਾਮਲ ਹੋਵੇਗਾ।
5. ਜਿਸ ਸਮੇਂ ਤੱਕ ਅੰਮ੍ਰਿਤਪਾਲ ਨੂੰ ਪਾਰਲੀਮੈਂਟ ਕੰਪਲੈਕਸ ਵਿੱਚ ਰਹਿਣ ਦੀ ਲੋੜ ਨਹੀਂ ਹੋਵੇਗੀ, ਓਹ ਨਵੀਂ ਦਿੱਲੀ ਵਿੱਚ ਹੀ ਰਹੇਗਾ।
6. ਅੰਮ੍ਰਿਤਪਾਲ ਦੇ ਰਿਸ਼ਤੇਦਾਰ ਨਵੀਂ ਦਿੱਲੀ ਹੀ ਮਿਲ ਸਕਣਗੇ।
7. ਅੰਮ੍ਰਿਤਪਾਲ ਰਾਸ਼ਟਰੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੋਈ ਵੀ ਕੰਮ ਕਰਨ ਜਾਂ ਬਿਆਨ ਦੇਣ ਤੋਂ ਮਨਾਹੀ ਹੋਵੇਗੀ।
8. ਅੰਮ੍ਰਿਤਪਾਲ ਜਾਂ ਓਸ ਦੇ ਪਰਿਵਾਰਿਕ ਮੈਂਬਰਾਂ/ਰਿਸ਼ਤੇਦਾਰ ਨੂੰ ਉਸ ਦੇ ਕਿਸੇ ਵੀ ਬਿਆਨ ਦੀ ਵੀਡੀਓਗ੍ਰਾਫੀ ਜਾਂ ਬਿਆਨ ਨੂੰ ਕਿਤੇ ਵੀ ਪ੍ਰਸਾਰਿਤ ਕਰਨ ਦੀ ਮਨਾਹੀ ਹੋਵੇਗੀ।
9. ਅੰਮ੍ਰਿਤਪਾਲ ਦੀ ਫੇਰੀ ਦਾ ਸਾਰਾ ਖਰਚਾ ਡੀਜੀਪੀ, ਪੰਜਾਬ ਕੋਲ ਉਪਲਬਧ ਵਿਭਾਗੀ ਬਜਟ ਵਿੱਚੋਂ ਵਸੂਲ ਕੀਤਾ ਜਾਵੇਗਾ।
10. ਐੱਸਐੱਸਪੀ (SSP), ਅੰਮ੍ਰਿਤਸਰ (ਦਿਹਾਤੀ) ਅੰਮ੍ਰਿਤਪਾਲ ਸਿੰਘ ਦੀ ਪੌਰੋਲ ਦੀਆਂ ਸ਼ਰਤਾਂ ਦੀ ਪਾਲਣਾ ਲਈ ਲੋਕ ਸਭਾ ਦੇ ਸਕੱਤਰ ਜਨਰਲ ਨਾਲ ਤਾਲਮੇਲ ਕਰਨਗੇ।
ਦਰਅਸਲ ਸ਼ੁੱਕਰਵਾਰ ਲਈ ਅੰਮ੍ਰਿਤਪਾਲ ਸਿੰਘ ਨੂੰ ਜ਼ਮਾਨਤ ਕੁੱਝ ਸ਼ਰਤਾਂ ਦੇ ਆਧਾਰ ’ਤੇ ਦਿੱਤੀ ਗਈ ਹੈ। ਜਿਸ ਦੀ ਸੂਚਨਾ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਨੂੰ ਭੇਜ ਦਿੱਤੀ ਗਈ ਹੈ ਅਤੇ ਉਨ੍ਹਾਂ ਰਾਹੀਂ ਇਹ ਸੂਚਨਾ ਅੰਮ੍ਰਿਤਪਾਲ ਨੂੰ ਦਿੱਤੀ ਗਈ ਹੈ। ਉਹ ਦਿੱਲੀ ਨੂੰ ਛੱਡ ਕੇ ਹੋਰ ਕਿਤੇ ਨਹੀਂ ਜਾ ਸਕਦਾ। ਉਨ੍ਹਾਂ ਦਾ ਰਾਤ ਦਾ ਠਹਿਰਨ ਦਾ ਪ੍ਰਬੰਧ ਵੀ ਦਿੱਲੀ ‘ਚ ਹੀ ਹੋਵੇਗਾ। ਇੰਨਾ ਹੀ ਨਹੀਂ ਉਹ ਹਰ ਸਮੇਂ ਸੁਰੱਖਿਆ ਘੇਰੇ ‘ਚ ਰਹੇਗਾ। ਇਸ ਦੌਰਾਨ ਪਰਿਵਾਰ ਨਾਲ ਮੁਲਾਕਾਤ ਨੂੰ ਲੈ ਕੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਸੁਰੱਖਿਆ ਹੇਠ ਰਹੇਗਾ। ਇਸ ਸਬੰਧੀ ਅੰਮ੍ਰਿਤਸਰ ਦਿਹਾਤੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੰਜਾਬ ਪੁਲਿਸ ਦੀ ਟੁਕੜੀ ਅੰਮ੍ਰਿਤਪਾਲ ਨੂੰ ਦਿੱਲੀ ਲਿਆਉਣ ਲਈ ਰਵਾਨਾ ਹੋ ਗਈ ਹੈ। ਇਸ ਦੌਰਾਨ ਡਿਬਰੂਗੜ੍ਹ ਜੇਲ੍ਹ ਦੇ ਕੁਝ ਸੁਰੱਖਿਆ ਮੁਲਾਜ਼ਮ ਵੀ ਉਨ੍ਹਾਂ ਦੇ ਨਾਲ ਰਹਿਣਗੇ।
ਹਿੰਦੂਸਥਾਨ ਸਮਾਚਾਰ