Lal Krishna Advani News: ਭਾਜਪਾ ਦੇ ਸੀਨੀਅਰ ਆਗੂ ਅਤੇ ਦੇਸ਼ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਹਸਪਤਾਲ ‘ਚ ਭਰਤੀ ਹਨ। ਅਡਵਾਨੀ ਦਿੱਲੀ ਦੇ ਅਪੋਲੋ ਹਸਪਤਾਲ ‘ਚ ਭਰਤੀ ਹਨ। ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਦਸ ਦਇਏ ਕਿ ਬੀਤੇ 8 ਦਿਨਾਂ ਵਿੱਚ ਓਹ ਦੂਜੀ ਵਾਰ ਹਸਪਤਾਲ ਵਿੱਚ ਭਰਤੀ ਹੋਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਏਮਜ਼ ‘ਚ ਭਰਤੀ ਕਰਵਾਇਆ ਗਿਆ ਸੀ।
ਜਾਣਕਾਰੀ ਮੁਤਾਬਕ ਅਡਵਾਨੀ ਦੀ ਸਿਹਤ ਬੀਤੀ ਰਾਤ ਬੁੱਧਵਾਰ ਨੂੰ ਮੁੜ੍ਹ ਤੋਂ ਵਿਗੜ ਗਈ ਸੀ। ਰਾਤ ਨੂੰ ਹੀ ਉਨ੍ਹਾਂ ਨੂੰ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਅਡਵਾਨੀ ਨੂੰ ਡਾਕਟਰ ਵਿਨੀਤ ਸੂਰੀ ਦੀ ਯੂਨਿਟ ਵਿੱਚ ਰੱਖਿਆ ਗਿਆ ਹੈ। ਡਾਕਟਰ ਵਿਨੀਤ ਸੂਰੀ ਸੀਨੀਅਰ ਨਿਊਰੋਲੋਜਿਸਟ ਹਨ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਉਨ੍ਹਾਂ ਦੀ ਨਿਗਰਾਨੀ ਹੇਠ ਜ਼ੇਰੇ-ਇਲਾਜ ਹਨ।
ਦਸ ਦਇਏ ਕਿ ਅਡਵਾਨੀ ਨੂੰ ਇਸੀ ਸਾਲ ਹੀ ਭਾਰਤ ਰਤਨ ਮਿਲਿਆ ਸੀ। ਸਾਲ 2024 ਦੇ ਸ਼ੁਰੂ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਭਾਜਪਾ ਦੇ ਸੀਨੀਅਰ ਆਗੂ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰ ਭਾਰਤ ਰਤਨ ਨਾਲ ਨਵਾਜ਼ਿਆ ਸੀ। ਇਸ ਸਮਾਰੋਹ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ-ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕਈ ਹੋਰ ਸੀਨੀਅਰ ਨੇਤਾਵਾਂ ਨੇ ਵੀ ਸ਼ਿਰਕਤ ਕੀਤੀ। ਅਡਵਾਨੀ ਦੀ ਉਮਰ ਨੂੰ ਦੇਖਦੇ ਹੋਏ ਉਨ੍ਹਾਂ ਦੀ ਰਿਹਾਇਸ਼ ‘ਤੇ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। ਸਾਲ 2015 ਵਿੱਚ, ਉਨ੍ਹਾਂ ਨੂੰ ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਵਿਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
ਅਡਵਾਨੀ ਦਾ ਜਨਮ ਅਣਵੰਡੇ ਭਾਰਤ ਦੇ ਕਰਾਚੀ ਸ਼ਹਿਰ ਵਿੱਚ 8 ਨਵੰਬਰ 1927 ਨੂੰ ਹੋਇਆ ਸੀ। ਅਡਵਾਨੀ ਲੰਬੇ ਸਮੇਂ ਤੱਕ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਹੇ। ਉਨ੍ਹਾਂ ਦੀ ਸਿਆਸੀ ਯਾਤਰਾ ਕਈ ਦਹਾਕਿਆਂ ਤੱਕ ਚੱਲੀ, ਜਿਸ ਦੌਰਾਨ ਉਹ 1999 ਤੋਂ 2004 ਤੱਕ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਸਰਕਾਰ ਵਿੱਚ ਗ੍ਰਹਿ ਮੰਤਰੀ ਅਤੇ ਫਿਰ ਉਪ ਪ੍ਰਧਾਨ ਮੰਤਰੀ (2002 ਤੋਂ 2004 ਤੱਕ) ਸਮੇਤ ਕਈ ਅਹਿਮ ਅਹੁਦਿਆਂ ‘ਤੇ ਰਹੇ ਹਨ।
ਹਿੰਦੂਸਥਾਨ ਸਮਾਚਾਰ