18th Lok Sabha Session 2024: ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਇਤਰਾਜ਼ ਜਤਾਇਆ ਹੈ ਕਿ ਉਨ੍ਹਾਂ ਦੀਆਂ ਬੀਤੇ ਦਿਨ ਸਦਨ ਵਿਚ ਕੀਤੀਆਂ ਟਿੱਪਣੀਆਂ ਨੂੰ ਰਿਕਾਰਡ ਵਿਚੋਂ ਕਿਉਂ ਹਟਾਇਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਰਿਕਾਰਡ ’ਤੇ ਬਹਾਲ ਕੀਤਾ ਜਾਵੇ। ਰਾਹੁਲ ਨੇ ਕਿਹਾ ਕਿ ਉਨ੍ਹਾਂ ਨੂੰ ਜਦੋਂ ਇਹ ਪਤਾ ਲੱਗਿਆ ਕਿ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਹਟਾ ਦਿੱਤਾ ਗਿਆ ਹੈ ਤਾਂ ਬਹੁਤ ਦੁੱਖ ਲੱਗਿਆ ਕਿਉਂਕਿ ਟਿੱਪਣੀ ਨੂੰ ਰਿਕਾਰਡ ਤੋਂ ਹਟਾਉਣਾ ਲੋਕਤੰਤਰ ਦੇ ਸੰਸਦੀ ਸਿਧਾਂਤਾਂ ਦੇ ਉਲਟ ਹੈ।
ਦਸ ਦਇਏ ਕਿ ਸੋਮਵਾਰ ਨੂੰ ਰਾਹੁਲ ਗਾਂਧੀ ਨੇ ਰਾਸ਼ਟਰਪਤੀ ਦੇ ਸੰਬੋਧਨ ‘ਤੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਈ ਵਿਵਾਦਿਤ ਬਿਆਨ ਦਿੱਤੇ, ਜਿਨ੍ਹਾਂ ਨੂੰ ਸੰਸਦ ਦੇ ਰਿਕਾਰਡ ਤੋਂ ਹਟਾ ਦਿੱਤਾ ਗਿਆ ਹੈ। ਰਾਹੁਲ ਨੇ ਆਪਣੇ ਭਾਸ਼ਣ ਵਿੱਚ ਹਿੰਦੂਆਂ, ਘੱਟ ਗਿਣਤੀਆਂ ਅਤੇ ਅੰਬਾਨੀ-ਅਡਾਨੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤੇ। 100 ਮਿੰਟ ਤੱਕ ਬਹੁਤ ਹੀ ਹਮਲਾਵਰ ਭਾਸ਼ਣ ਦਿੰਦੇ ਹੋਏ ਉਨ੍ਹਾਂ ਪ੍ਰਧਾਨ ਮੰਤਰੀ ਅਤੇ ਭਾਜਪਾ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਦੇ ਇਸ ਬਿਆਨ ਨੂੰ ਲੈ ਕੇ ਸਦਨ ਤੋਂ ਲੈ ਕੇ ਸੜਕਾਂ ਤੱਕ ਭਾਰੀ ਹੰਗਾਮਾ ਹੋਇਆ। ਸਦਨ ਵਿੱਚ ਸੱਤਾਧਾਰੀ ਪਾਰਟੀ ਦੇ ਲੋਕਾਂ ਨੇ ਰਾਹੁਲ ਗਾਂਧੀ ਦਾ ਸਖ਼ਤ ਵਿਰੋਧ ਕੀਤਾ ਅਤੇ ਉਨ੍ਹਾਂ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ। ਰਾਹੁਲ ਗਾਂਧੀ ਨੇ ਅਜੇ ਤੱਕ ਮੁਆਫੀ ਨਹੀਂ ਮੰਗੀ ਹੈ ਪਰ ਉਨ੍ਹਾਂ ਦੇ ਭਾਸ਼ਣ ਦੇ ਕੁਝ ਹਿੱਸੇ ਸਦਨ ਦੀ ਕਾਰਵਾਈ ਤੋਂ ਹਟਾ ਦਿੱਤੇ ਗਏ ਹਨ।
ਇਹ ਬਿਆਨ ਹਟਾ ਦਿੱਤੇ ਗਏ ਸਨ
ਰਾਹੁਲ ਗਾਂਧੀ ਵੱਲੋਂ ਹਿੰਦੂਆਂ ਅਤੇ ਹਿੰਸਾ ਬਾਰੇ ਦਿੱਤੇ ਬਿਆਨਾਂ ਨੂੰ ਸੰਸਦ ਦੀ ਕਾਰਵਾਈ ਤੋਂ ਹਟਾ ਦਿੱਤਾ ਗਿਆ ਹੈ।
ਭਾਜਪਾ ਵੱਲੋਂ ਘੱਟ ਗਿਣਤੀਆਂ ਨਾਲ ਬੇਇਨਸਾਫੀ ਕੀਤੀ ਜਾਂਦੀ ਹੈ। ਇਸ ਨੂੰ ਵੀ ਹਟਾ ਦਿੱਤਾ ਗਿਆ ਹੈ।
ਇਹ ਅਗਨੀਵੀਰ ਸੈਨਾ ਨਹੀਂ ਹੈ, ਇਹ ਪੀਐਮਓ ਦੀ ਯੋਜਨਾ ਹੈ, ਇਸ ਨੂੰ ਵੀ ਹਟਾ ਦਿੱਤਾ ਗਿਆ ਹੈ।
ਰਾਹੁਲ ਗਾਂਧੀ ਨੇ ਕਿਹਾ ਸੀ ਕਿ ਭਾਜਪਾ 24 ਘੰਟੇ ਨਫ਼ਰਤ ਅਤੇ ਹਿੰਸਾ ਫੈਲਾਉਂਦੀ ਹੈ। ਇਹ ਬਿਆਨ ਵੀ ਕਾਰਵਾਈ ਦਾ ਹਿੱਸਾ ਨਹੀਂ ਹੈ।
ਰਾਹੁਲ ਨੇ ਕਿਹਾ ਸੀ, ਜਦੋਂ ਮੈਂ ਪੀਐਮ ਮੋਦੀ ਨੂੰ ਦੇਖਦਾ ਹਾਂ ਤਾਂ ਉਹ ਮੁਸਕਰਾਉਂਦੇ ਨਹੀਂ ਹਨ। ਇਸ ਬਿਆਨ ਨੂੰ ਵੀ ਹਟਾ ਦਿੱਤਾ ਗਿਆ ਹੈ।
ਰਾਹੁਲ ਗਾਂਧੀ ਵੱਲੋਂ ਅੰਬਾਨੀ ਅਤੇ ਅਡਾਨੀ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਵੀ ਹੁਣ ਰਿਕਾਰਡ ‘ਤੇ ਨਹੀਂ ਹਨ।
-ਕੋਟਾ ਵਿੱਚ NEET ਪ੍ਰੀਖਿਆ ਕੇਂਦਰੀਕ੍ਰਿਤ ਹੈ ਅਤੇ ਅਮੀਰਾਂ ਨੂੰ ਫਾਇਦਾ ਪਹੁੰਚਾਉਣ ਵਾਲੀ ਚੀਜ਼ ਨੂੰ ਵੀ ਹਟਾ ਦਿੱਤਾ ਗਿਆ ਹੈ
ਵਿਰੋਧੀ ਧਿਰ ਦੇ ਨੇਤਾ ਵਜੋਂ ਰਾਹੁਲ ਗਾਂਧੀ ਦਾ ਪਹਿਲਾ ਭਾਸ਼ਣ
ਜਿਕਰਯੋਗ ਹੈ ਕਿ ਚੋਣਾਂ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਵਿਰੋਧੀ ਧਿਰ ਦੇ ਨੇਤਾ ਵਜੋਂ ਰਾਹੁਲ ਗਾਂਧੀ ਨੇ ਲੋਕ ਸਭਾ ਵਿੱਚ ਆਪਣਾ ਭਾਸ਼ਣ ਦਿੱਤਾ। ਇਸ ਦੌਰਾਨ ਰਾਹੁਲ ਨੇ ਕਈ ਵਿਵਾਦਿਤ ਬਿਆਨ ਦਿੱਤੇ। ਰਾਹੁਲ ਨੇ ਹਿੰਦੂ ਸਮਾਜ ਨੂੰ ਹਿੰਸਕ ਦੱਸਿਆ। ਇਸ ਤੋਂ ਇਲਾਵਾ ਹੋਰ ਵੀ ਕਈ ਵਿਵਾਦਤ ਗੱਲਾਂ ਕਹੀਆਂ ਗਈਆਂ। ਇਸ ਦੌਰਾਨ ਕਈ ਵਾਰ ਪੀਐਮ ਮੋਦੀ ਨੇ ਆਪਣੀ ਸੀਟ ਤੋਂ ਉੱਠ ਕੇ ਆਪਣਾ ਰੋਸ ਜ਼ਾਹਰ ਕੀਤਾ। ਪ੍ਰਧਾਨ ਮੰਤਰੀ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ ਅਤੇ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਰੋਸ ਪ੍ਰਗਟ ਕੀਤਾ।
ਹਿੰਦੂਸਥਾਨ ਸਮਾਚਾਰ