Nairobi Protest News: ਕੀਨੀਆ ‘ਚ ਨਵੇਂ ਟੈਕਸ ਕਾਨੂੰਨ ਦੇ ਖਿਲਾਫ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਗੋਲੀਬਾਰੀ ‘ਚ ਘੱਟੋ-ਘੱਟ 39 ਲੋਕ ਮਾਰੇ ਗਏ ਹਨ। ਸਥਾਨਕ ਅਖਬਾਰ ਪੀਪਲ ਡੇਲੀ ਦੀ ਰਿਪੋਰਟ ਮੁਤਾਬਕ, ਸਰਕਾਰ ਅਤੇ ਸੁਰੱਖਿਆ ਏਜੰਸੀਆਂ ਦੀਆਂ ਚਿਤਾਵਨੀਆਂ ਦਾ ਨਾਗਰਿਕਾਂ ‘ਤੇ ਕੋਈ ਅਸਰ ਨਹੀਂ ਹੋ ਰਿਹਾ ਹੈ। ਨਾਗਰਿਕ ਸਰਕਾਰ ਖਿਲਾਫ ਮੁੜ ਸੜਕਾਂ ‘ਤੇ ਉਤਰਨ ਦੀ ਯੋਜਨਾ ਬਣਾ ਰਹੇ ਹਨ।
ਮਨੁੱਖੀ ਅਧਿਕਾਰਾਂ ਬਾਰੇ ਕੀਨੀਆ ਦੇ ਰਾਸ਼ਟਰੀ ਕਮਿਸ਼ਨ ਦੇ ਅਨੁਸਾਰ, ਕੀਨੀਆ ਵਿੱਚ ਟੈਕਸ ਕਾਨੂੰਨ ਦੇ ਵਿਰੁੱਧ ਦੇਸ਼ ਵਿਆਪੀ ਪ੍ਰਦਰਸ਼ਨਾਂ ਵਿੱਚ 39 ਲੋਕ ਮਾਰੇ ਗਏ ਹਨ ਅਤੇ 361 ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ 32 ਲੋਕ ਲਾਪਤਾ ਹਨ। ਇਸ ਦੌਰਾਨ 627 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੂਜੇ ਪਾਸੇ ਕਾਨੂੰਨ ਵਿਵਸਥਾ ਦੀ ਵਿਗੜਦੀ ਸਥਿਤੀ ਤੋਂ ਚਿੰਤਤ ਕੀਨੀਆ ਦੀ ਸੁਪਰੀਮ ਕੋਰਟ ਨੇ ਸਰਕਾਰ ਨੂੰ ਸੰਵੇਦਨਸ਼ੀਲ ਇਲਾਕਿਆਂ ਵਿੱਚ ਸੁਰੱਖਿਆ ਬਲ ਤਾਇਨਾਤ ਕਰਨ ਦੇ ਹੁਕਮ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਕੀਨੀਆ ਵਿੱਚ ਵਿੱਤ ਬਿੱਲ 2024 ਮਈ ਵਿੱਚ ਪੇਸ਼ ਕੀਤਾ ਗਿਆ ਸੀ। ਰੋਜ਼ਾਨਾ ਵਰਤੋਂ ਦੀਆਂ ਵਸਤਾਂ ‘ਤੇ ਭਾਰੀ ਟੈਕਸ ਲਗਾਉਣ ਦਾ ਪ੍ਰਸਤਾਵ ਹੈ। ਇਸ ਬਿੱਲ ਨੂੰ ਲੈ ਕੇ ਸੰਸਦ ‘ਚ ਵੋਟਿੰਗ ਹੋਈ। ਕਰੀਬ 195 ਸੰਸਦ ਮੈਂਬਰਾਂ ‘ਚੋਂ 106 ਨੇ ਇਸਦੇ ਪੱਖ ‘ਚ ਵੋਟਿੰਗ ਕੀਤੀ। ਇਹ ਭਣਕ ਲੱਗਦੇ ਹੀ ਸੜਕਾਂ ‘ਤੇ ਪ੍ਰਦਰਸ਼ਨ ਸ਼ੁਰੂ ਹੋ ਗਏ। ਗੁੱਸੇ ਵਿੱਚ ਆਈ ਭੀੜ ਨੇ ਸੰਸਦ ’ਚ ਅੱਗ ਲਾ ਦਿੱਤੀ। ਸਥਿਤੀ ‘ਤੇ ਕਾਬੂ ਪਾਉਣ ਲਈ ਪੁਲਿਸ ਨੂੰ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ।
ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਨੇ ਕਿਹਾ ਹੈ ਕਿ ਹਿੰਸਾ ਅਤੇ ਅਰਾਜਕਤਾ ਖਿਲਾਫ ਸਖ਼ਤ ਰੁਖ ਅਪਣਾਇਆ ਜਾਵੇਗਾ। ਕੀਨੀਆ ਵਿੱਚ ਚੱਲ ਰਹੀ ਅਸ਼ਾਂਤੀ ਤੋਂ ਭਾਰਤ ਚਿੰਤਤ ਹੈ। ਕੀਨੀਆ ਵਿਚ 80 ਹਜ਼ਾਰ ਤੋਂ ਇਕ ਲੱਖ ਦੇ ਵਿਚਕਾਰ ਭਾਰਤੀ ਰਹਿੰਦੇ ਹਨ।
ਹਿੰਦੂਸਥਾਨ ਸਮਾਚਾਰ