Chandigarh: ਇਸਤਰੀ ਅਕਾਲੀ ਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿਚ ਪੂਰਨ ਭਰੋਸਾ ਪ੍ਰਗਟਾਇਆ ਅਤੇ ਕਿਹਾ ਕਿ ਉਹ ਇਸ ਮੌਕੇ ਪਾਰਟੀ ਦੀ ਅਗਵਾਈ ਕਰਨ ਲਈ ਸਭ ਤੋਂ ਢੁਕਵੇਂ ਆਗੂ ਹਨ।
ਇਸਤਰੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਬਚਾਓ ਯਾਤਰਾ ਦੌਰਾਨ ਪ੍ਰਭਾਵਸ਼ਾਲੀ ਮੁਹਿੰਮ ਚਲਾ ਕੇ ਪ੍ਰੇਰਿਤ ਕਰਨ ਵਾਲੀ ਲੀਡਰਸ਼ਿਪ ਦਿੱਤੀ। ਮੈਂਬਰਾਂ ਨੇ ਕਿਹਾ ਕਿ ਇਸਤਰੀ ਅਕਾਲੀ ਦਲ ਨੇ ਮਹਿਲਾਵਾਂ ਤੱਕ ਪਹੁੰਚ ਕੀਤੀ ਅਤੇ ਬਠਿੰਡਾ ਵਿਚ ਵਿੰਗ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਸਖ਼ਤ ਮਿਹਨਤ ਕੀਤੀ ਜਿਸਦਾ ਚੰਗਾ ਨਤੀਜਾ ਪਾਰਟੀ ਉਮੀਦਵਾਰ ਸਰਦਾਰਨੀ ਹਰਸਿਮਰਤ ਕੌਰ ਬਾਦਲ ਦੀ ਵੱਡੀ ਜਿੱਤ ਦੇ ਰੂਪ ਵਿਚ ਮਿਲਿਆ।
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਾਰਟੀ ਨੇ ਇਸਤਰੀ ਅਕਾਲੀ ਦਲ ਦੇ ਵਿਸਥਾਰ ਦੀ ਯੋਜਨਾ ਬਣਾਈ ਹੈ ਤਾਂ ਜੋ ਹਰ ਪਿੰਡ ਤੇ ਹਰ ਬੂਥ ਤੱਕ ਪਹੁੰਚਿਆ ਜਾ ਸਕੇ। ਉਹਨਾਂ ਕਿਹਾ ਕਿ ਅਸੀਂ ਫੈਸਲਾ ਕੀਤਾ ਹੈ ਕਿ ਬੂਥ, ਪਿੰਡ, ਸਰਕਲ ਤੇ ਹਲਕਾ ਪੱਧਰ ’ਤੇ ਇਹਨਾਂ ਦੀਆਂ ਪ੍ਰਧਾਨਾਂ ਦੀ ਅਗਵਾਈ ਵਿਚ ਚੋਣਾਂ ਕਰਵਾਈਆਂ ਜਾਣ ਅਤੇ ਅਸੀਂ ਜ਼ਿਲ੍ਹਾ ਪੱਧਰ ’ਤੇ ਵੀ ਇਸਤਰੀ ਅਕਾਲੀ ਦਲ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਵਿਚ ਪ੍ਰਭਾਵਸ਼ਾਲੀ ਮਹਿਲਾ ਲੀਡਰਸ਼ਿਪ ਪੈਦਾ ਕੀਤੀ ਜਾਵੇਗੀ ਤਾਂ ਜੋ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਮਹਿਲਾਵਾਂ ਲਈ ਰਾਖਵੀਂਆਂ ਸੀਟਾਂ ’ਤੇ ਮਜ਼ਬੂਤ ਉਮੀਦਵਾਰ ਖੜ੍ਹੇ ਕੀਤੇ ਜਾ ਸਕਣ। ਉਹਨਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਇਸਤਰੀ ਅਕਾਲੀ ਦਲ 2027 ਵਿਚ ਸੂਬੇ ਵਿਚ ਚੋਣਾਂ ਵਿਚ ਅਹਿਮ ਰੋਲ ਅਦਾ ਕਰੇਗੀ।
ਬਾਦਲ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਬੀਬੀ ਹਰਗੋਬਿੰਦ ਕੌਰ ਨੂੰ ਸੇਵਾਵਾਂ ਤੋਂ ਫਾਰਗ ਕਰਨ ਦੀ ਵੀ ਨਿਖੇਧੀ ਕੀਤੀ ਅਤੇ ਕਿਹਾ ਕਿ ਉਹਨਾਂ ਨੂੰ ਇਸ ਕਰ ਕੇ ਬਰਖ਼ਾਸਤ ਕੀਤਾ ਗਿਆ ਕਿਉਂਕਿ ਉਹਨਾਂ ਨੇ ਗਰੀਬ ਤੇ ਐਸ ਸੀ ਵਰਗ ਨਾਲ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਵਿਰੁੱਧ ਔਰਤਾਂ ਨੂੰ ਲਾਮਬੱਧ ਕੀਤਾ। ਉਹਨਾਂ ਕਿਹਾ ਕਿ ਅਕਾਲੀ ਦਲ ਬੀਬੀ ਜੀ ਦੇ ਨਾਲ ਹੈ ਅਤੇ ਉਹਨਾਂ ਨੂੰ ਨਿਆਂ ਮਿਲਣ ਤੱਕ ਉਹਨਾਂ ਦੇ ਕੇਸ ਦੀ ਪੈਰਵੀ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ