Parliament Session 2024: ਰਾਸ਼ਟਰਪਤੀ ਦੇ ਭਾਸ਼ਣ ਉੱਪਰ ਧੰਨਵਾਦ ਦੇ ਪ੍ਰਸਤਾਵ ‘ਤੇ ਚਰਚਾ ਦੀ ਸ਼ੁਰੂਆਤ ‘ਤੇ ਅੱਜ ਵਿਰੋਧੀ ਧਿਰ ਨੇ ਲੋਕ ਸਭਾ ‘ਚੋਂ ਵਾਕਆਊਟ ਕਰ ਦਿੱਤਾ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੰਗ ਕੀਤੀ ਕਿ ਪ੍ਰੀਖਿਆ ਪੇਪਰ ਲੀਕ ਹੋਣ ਕਾਰਨ ਦੇਸ਼ ਦੇ ਕਰੋੜਾਂ ਨੌਜਵਾਨ ਪ੍ਰਭਾਵਿਤ ਹਨ। ਅਸੀਂ ਉਨ੍ਹਾਂ ਨੂੰ ਸਦਨ ਦੀ ਤਰਫੋਂ ਸੰਦੇਸ਼ ਦੇਣਾ ਚਾਹੁੰਦੇ ਹਾਂ, ਇਸ ਲਈ ਚਰਚਾ ਹੋਣੀ ਚਾਹੀਦੀ ਹੈ।
ਇਸ ‘ਤੇ ਉਪ ਨੇਤਾ ਰਾਜਨਾਥ ਸਿੰਘ ਨੇ ਕਿਹਾ ਕਿ ਸਦਨ ਨਿਯਮਾਂ ਨਾਲ ਚਲਦਾ ਹੈ। ਨਿਯਮਾਂ ਤੋਂ ਉਪਰ ਵੀ ਇੱਕ ਸਿਹਤਮੰਦ ਪਰੰਪਰਾ ਹੈ। ਉਸਦਾ ਪਾਲਣ ਕੀਤਾ ਜਾਂਦਾ ਹੈ। ਸਦਨ ‘ਚ ਇਹ ਰਵਾਇਤ ਰਹੀ ਹੈ ਕਿ ਰਾਸ਼ਟਰਪਤੀ ਦੇ ਭਾਸ਼ਣ ਦੌਰਾਨ ਕਿਸੇ ਹੋਰ ਵਿਸ਼ੇ ‘ਤੇ ਚਰਚਾ ਨਹੀਂ ਕਰਵਾਈ ਜਾਂਦੀ। ਉਨ੍ਹਾਂ ਨੇ ਵਿਰੋਧੀ ਧਿਰ ਨੂੰ ਚਰਚਾ ‘ਚ ਹਿੱਸਾ ਲੈਣ ਦੀ ਬੇਨਤੀ ਕੀਤੀ ਅਤੇ ਕਿਹਾ ਕਿ ਜੇਕਰ ਉਹ ਚਾਹੁਣ ਤਾਂ ਧੰਨਵਾਦ ਪ੍ਰਸਤਾਵ ਪਾਸ ਹੋਣ ਤੋਂ ਬਾਅਦ ਨੀਟ ‘ਤੇ ਚਰਚਾ ਕਰ ਸਕਦੇ ਹਨ।
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਇਸ ਵਿਸ਼ੇ ‘ਤੇ ਚਰਚਾ ਕਰਵਾਉਣ ਦਾ ਫੈਸਲਾ ਕਰਨ ਦਾ ਅਧਿਕਾਰ ਉਨ੍ਹਾਂ ਨੂੰ ਅਤੇ ਵਪਾਰਕ ਸਲਾਹਕਾਰ ਕਮੇਟੀ ਕੋਲ ਹੈ। ਉਹ ਇਸ ‘ਤੇ ਅਗਲਾ ਫੈਸਲਾ ਲੈਣਗੇ। ਇਸ ਦੌਰਾਨ ਵਿਰੋਧੀ ਧਿਰ ਨੇ ਮੰਗ ਕੀਤੀ ਕਿ ਸਪੀਕਰ ਭਰੋਸਾ ਦੇਣ ਕਿ ਰਾਸ਼ਟਰਪਤੀ ਦੇ ਸੰਬੋਧਨ ‘ਤੇ ਚਰਚਾ ਤੋਂ ਬਾਅਦ ਚਰਚਾ ਕਰਵਾਈ ਜਾਵੇਗੀ। ਭਰੋਸਾ ਨਾ ਮਿਲਣ ‘ਤੇ ਵਿਰੋਧੀ ਧਿਰ ਨੇ ਸਦਨ ‘ਚੋਂ ਵਾਕਆਊਟ ਕਰ ਦਿੱਤਾ।
ਹਿੰਦੂਸਥਾਨ ਸਮਾਚਾਰ