New Delhi: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪੱਛਮੀ ਬੰਗਾਲ ਵਿੱਚ ਇੱਕ ਨੌਜਵਾਨ ਜੋੜੇ ਦੀ ਬੇਰਹਿਮੀ ਨਾਲ ਕੁੱਟਮਾਰ ਨੂੰ ਲੈ ਕੇ ਰਾਜ ਦੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਸਰਕਾਰ ‘ਤੇ ਹਮਲਾ ਕੀਤਾ ਹੈ। ਭਾਜਪਾ ਨੇ ਕਿਹਾ ਹੈ ਕਿ ਪੱਛਮੀ ਬੰਗਾਲ ਔਰਤਾਂ ਲਈ ਅਸੁਰੱਖਿਅਤ ਹੈ। ਇਸ ਬਾਰੇ ‘ਚ ਸੋਮਵਾਰ ਨੂੰ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਐਕਸ ‘ਤੇ ਪੋਸਟ ਸ਼ੇਅਰ ਕਰਦੇ ਹੋਏ ਦੋਸ਼ ਲਗਾਇਆ ਕਿ ਪੱਛਮੀ ਬੰਗਾਲ ਔਰਤਾਂ ਲਈ ਸੁਰੱਖਿਅਤ ਨਹੀਂ ਹੈ।
ਨੱਡਾ ਨੇ ਕਿਹਾ, “ਪੱਛਮੀ ਬੰਗਾਲ ਤੋਂ ਇੱਕ ਭਿਆਨਕ ਵੀਡੀਓ ਸਾਹਮਣੇ ਆਇਆ ਹੈ, ਜੋ ਉਨ੍ਹਾਂ ਜ਼ੁਲਮਾਂ ਦੀ ਯਾਦ ਦਿਵਾਉਂਦਾ ਹੈ ਜੋ ਸਿਰਫ਼ ਧਰਮਤੰਤਰਾਂ ਵਿੱਚ ਮੌਜੂਦ ਹਨ। ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਤ੍ਰਿਣਮੂਲ ਵਰਕਰ ਅਤੇ ਵਿਧਾਇਕ ਇਸ ਘਟਨਾ ਨੂੰ ਜਾਇਜ਼ ਠਹਿਰਾ ਰਹੇ ਹਨ। ਭਾਂਵੇ ਸੰਦੇਸ਼ਖਾਲੀ ਹੋਵੇ, ਉੱਤਰ ਦਿਨਾਜਪੁਰ ਹੋਵੇ ਜਾਂ ਹੋਰ ਸਥਾਨ, ਦੀਦੀ ਦਾ ਪੱਛਮੀ ਬੰਗਾਲ ਔਰਤਾਂ ਲਈ ਅਸੁਰੱਖਿਅਤ ਹੈ।’
ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਤੋਂ ਐਤਵਾਰ ਨੂੰ ਇੱਕ ਸ਼ਰਮਨਾਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਵਿਅਕਤੀ ਸੜਕ ਦੇ ਵਿਚਕਾਰ ਇੱਕ ਜੋੜੇ ਨੂੰ ਸ਼ਰੇਆਮ ਬੇਰਹਿਮੀ ਨਾਲ ਕੁੱਟਦਾ ਦਿਖਾਈ ਦੇ ਰਿਹਾ ਹੈ। ਇਸ ਭਿਆਨਕ ਵੀਡੀਓ ‘ਚ ਉਥੇ ਮੌਜੂਦ ਲੋਕ ਮੂਕ ਦਰਸ਼ਕ ਬਣੇ ਹੋਏ ਹਨ। ਕਥਿਤ ਤੌਰ ‘ਤੇ ਇਹ ਘਟਨਾ ਉੱਤਰੀ ਬੰਗਾਲ ਦੇ ਉੱਤਰੀ ਦਿਨਾਜਪੁਰ ਜ਼ਿਲ੍ਹੇ ਦੇ ਚੋਪੜਾ ‘ਚ ਵੀਕਐਂਡ ਨੂੰ ਵਾਪਰੀ।
ਦੱਸਿਆ ਜਾ ਰਿਹਾ ਹੈ ਕਿ ਕਥਿਤ ਨਜਾਇਜ਼ ਸਬੰਧਾਂ ਦੇ ਦੋਸ਼ ‘ਚ ਨੌਜਵਾਨ ਅਤੇ ਲੜਕੀ ਦੋਵਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਬੰਗਾਲ ਪੁਲਿਸ ਨੇ ਐਤਵਾਰ ਨੂੰ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
ਹਿੰਦੂਸਥਾਨ ਸਮਾਚਾਰ