Lok Sabha Session 2024: ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਸੋਮਵਾਰ ਨੂੰ ਕਾਂਗਰਸ ਦੇ ਸੰਸਦ ਮੈਂਬਰ ਅਤੇ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਮੁਲਤਵੀ ਪ੍ਰਸਤਾਵ ਪੇਸ਼ ਕੀਤਾ। ਵੇਣੂਗੋਪਾਲ ਨੇ ਮੁਲਤਵੀ ਪ੍ਰਸਤਾਵ ਪੇਸ਼ ਕਰਦੇ ਹੋਏ ਕਿਹਾ ਹੈ ਕਿ ਉਹ ਸਦਨ ਦੀ ਸਾਰੀ ਕਾਰਵਾਈ ਨੂੰ ਰੋਕ ਕੇ ਪਹਿਲਾਂ ਨੀਟ-ਯੂਜੀ ਅਤੇ ਯੂਜੀਸੀ ਨੈਟ ਪ੍ਰੀਖਿਆਵਾਂ ‘ਚ ਕਥਿਤ ਧਾਂਦਲੀ ‘ਤੇ ਚਰਚਾ ਕਰਨਾ ਚਾਹੁੰਦੇ ਹਨ। ਇਸਦੇ ਨਾਲ ਹੀ ਤਾਮਿਲਨਾਡੂ ਤੋਂ ਕਾਂਗਰਸ ਸਾਂਸਦ ਵੀ. ਮਾਣਿਕਮ ਨੇ ਵੀ ਮੁਲਤਵੀ ਪ੍ਰਸਤਾਵ ਪੇਸ਼ ਕੀਤਾ ਹੈ।
ਜਿਕਰਯੋਗ ਹੈ ਕਿ ਅਠਾਰਵੀਂ ਲੋਕ ਸਭਾ ਦੇ ਗਠਨ ਤੋਂ ਬਾਅਦ ਸਦਨ ਨੇ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ਪਾਸ ਕਰਨਾ ਹੁੰਦਾ ਹੈ। ਸਦਨ ਦੇ ਨਿਯਮਾਂ ਅਤੇ ਰਵਾਇਤਾਂ ਮੁਤਾਬਕ ਰਾਸ਼ਟਰਪਤੀ ਦੇ ਭਾਸ਼ਣ ‘ਤੇ ਸਿਰਫ਼ ਧੰਨਵਾਦ ਦੇ ਪ੍ਰਸਤਾਵ ‘ਤੇ ਹੀ ਚਰਚਾ ਹੋ ਸਕਦੀ ਹੈ। ਪਰ ਵਿਰੋਧੀ ਧਿਰ ਇਸਨੂੰ ਰੋਕਣ ‘ਤੇ ਅੜੀ ਹੋਈ ਹੈ ਅਤੇ ਮੰਗ ਕਰ ਰਹੀ ਹੈ ਕਿ ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ.) ਦੀ ਨਾਕਾਮੀ ਅਤੇ ਪ੍ਰੀਖਿਆਵਾਂ ‘ਚ ਕਥਿਤ ਪੇਪਰ ਲੀਕ ਹੋਣ ‘ਤੇ ਪਹਿਲਾਂ ਚਰਚਾ ਕੀਤੀ ਜਾਵੇ। ਇਸ ਕਾਰਨ ਸਦਨ ਦੀ ਕਾਰਵਾਈ ਸ਼ੁੱਕਰਵਾਰ ਨੂੰ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਸੀ।
ਸੋਮਵਾਰ ਨੂੰ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸ ਵੱਲੋਂ ਲਿਆਂਦੇ ਗਏ ਮੁਲਤਵੀ ਪ੍ਰਸਤਾਵ ਤੋਂ ਸਪੱਸ਼ਟ ਹੈ ਕਿ ਅੱਜ ਵੀ ਸਦਨ ਵਿੱਚ ਚਰਚਾ ਦੀ ਬਜਾਏ ਹੰਗਾਮਾ ਹੋਣ ਦੀ ਸੰਭਾਵਨਾ ਜ਼ਿਆਦਾ ਹੈ।
ਹਿੰਦੂਸਥਾਨ ਸਮਾਚਾਰ