Monsoon In All Over India News: ਭਾਰਤੀ ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਵਿੱਚ ਪੂਰੇ ਦੇਸ਼ ਵਿੱਚ ਮਾਨਸੂਨ ਦੇ ਪਹੁੰਚਣ ਦੀ ਭਵਿੱਖਬਾਣੀ ਜਾਰੀ ਕੀਤੀ ਹੈ। ਨਾਲ ਹੀ, ਚਾਰ-ਪੰਜ ਦਿਨਾਂ ਤੱਕ ਉੱਤਰ-ਪੱਛਮੀ, ਮੱਧ ਅਤੇ ਪੂਰਬੀ ਭਾਰਤ ਵਿੱਚ ਭਾਰੀ ਬਾਰਿਸ਼ ਦੇ ਸੰਕੇਤ ਦਿੱਤੇ ਹਨ। ਭਵਿੱਖਬਾਣੀ ਵਿੱਚ ਕਿਹਾ ਗਿਆ ਹੈ ਕਿ ਉੱਤਰ-ਪੂਰਬੀ ਭਾਰਤ ਦੇ ਜ਼ਿਆਦਾਤਰ ਖੇਤਰਾਂ ਵਿੱਚ ਮੋਹਲੇਧਾਰ ਬਾਰਿਸ਼ ਹੋਵੇਗੀ।
ਵਿਭਾਗੀ ਵਿਗਿਆਨੀਆਂ ਨੇ ਕਿਹਾ ਹੈ ਕਿ ਦੱਖਣ-ਪੱਛਮੀ ਮਾਨਸੂਨ ਹਰਿਆਣਾ, ਪੰਜਾਬ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਪਹੁੰਚ ਗਿਆ ਹੈ। ਰਾਸ਼ਟਰੀ ਰਾਜਧਾਨੀ ਦਿੱਲੀ-ਐੱਨਸੀਆਰ ਤੋਂ ਇਲਾਵਾ ਕੱਲ੍ਹ ਉੱਤਰਾਖੰਡ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ‘ਚ ਭਾਰੀ ਮੀਂਹ ਪਿਆ ਹੈ। ਦੱਖਣੀ ਰਾਜਾਂ ਵਿੱਚ ਪਹਿਲਾਂ ਹੀ ਮੀਂਹ ਪੈ ਰਿਹਾ ਹੈ।
ਮੌਸਮ ਵਿਗਿਆਨ ਅਤੇ ਵਿਗਿਆਨ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੱਖਣ-ਪੱਛਮੀ ਮਾਨਸੂਨ ਪੱਛਮੀ ਰਾਜਸਥਾਨ ਦੇ ਕੁਝ ਹੋਰ ਹਿੱਸਿਆਂ, ਪੂਰਬੀ ਰਾਜਸਥਾਨ ਦੇ ਬਾਕੀ ਹਿੱਸਿਆਂ ਵਿੱਚ ਅੱਗੇ ਵਧਿਆ ਹੈ। ਇਹ ਹਰਿਆਣਾ ਦੇ ਕੁਝ ਹਿੱਸਿਆਂ, ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹੋਰ ਹਿੱਸਿਆਂ, ਮੱਧ ਪ੍ਰਦੇਸ਼ ਦੇ ਬਾਕੀ ਹਿੱਸੇ, ਛੱਤੀਸਗੜ੍ਹ, ਪੱਛਮੀ ਬੰਗਾਲ, ਝਾਰਖੰਡ, ਬਿਹਾਰ, ਪੂਰਬੀ ਉੱਤਰ ਪ੍ਰਦੇਸ਼ ਦੇ ਕੁਝ ਹੋਰ ਹਿੱਸਿਆਂ ਅਤੇ ਉੱਤਰਾਖੰਡ ਦੇ ਬਾਕੀ ਹਿੱਸਿਆਂ ਤੱਕ ਪਹੁੰਚ ਗਿਆ ਹੈ। ਮਾਨਸੂਨ ਦੀ ਉੱਤਰੀ ਸੀਮਾ ਜੈਸਲਮੇਰ, ਚੁਰੂ, ਭਿਵਾਨੀ, ਦਿੱਲੀ, ਅਲੀਗੜ੍ਹ, ਕਾਨਪੁਰ, ਗਾਜ਼ੀਪੁਰ, ਗੋਂਡਾ, ਖੀਰੀ, ਮੁਰਾਦਾਬਾਦ, ਊਨਾ, ਪਠਾਨਕੋਟ ਅਤੇ ਜੰਮੂ ਤੋਂ ਲੰਘ ਰਹੀ ਹੈ।
ਪੱਛਮੀ ਗੜਬੜੀ ਅਤੇ ਮਾਨਸੂਨ ਦੇ ਪ੍ਰਭਾਵ ਕਾਰਨ ਪਿਛਲੇ 24 ਘੰਟਿਆਂ ਦੌਰਾਨ ਦਿੱਲੀ-ਐੱਨਸੀਆਰ ਤੋਂ ਇਲਾਵਾ, ਛੱਤੀਸਗੜ੍ਹ, ਪੱਛਮੀ ਮੱਧ ਪ੍ਰਦੇਸ਼, ਓਡੀਸ਼ਾ, ਕੋਂਕਣ ਅਤੇ ਗੋਆ ਵਿੱਚ ਵੱਖ-ਵੱਖ ਥਾਵਾਂ ‘ਤੇ ਦਰਮਿਆਨੀ ਬਾਰਿਸ਼ ਹੋਈ ਹੈ। ਹਰਿਆਣਾ, ਉੱਤਰਾਖੰਡ, ਉੱਤਰ ਪ੍ਰਦੇਸ਼ ਵਿਚ ਕਈ ਥਾਵਾਂ ‘ਤੇ ਬਹੁਤ ਜ਼ਿਆਦਾ ਮੀਂਹ ਪਿਆ ਹੈ। ਪੰਜਾਬ, ਰਾਜਸਥਾਨ, ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਮਣੀਪੁਰ, ਉਪ-ਹਿਮਾਲਿਆ ਪੱਛਮੀ ਬੰਗਾਲ ਅਤੇ ਸਿੱਕਮ ਅਤੇ ਤਾਮਿਲਨਾਡੂ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਬਾਰਿਸ਼ ਦਰਜ ਕੀਤੀ ਗਈ ਹੈ।
ਹਿੰਦੂਸਥਾਨ ਸਮਾਚਾਰ