Patiala: ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਇਤਿਹਾਸਕ ਅਸਥਾਨ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਅਗਵਾਈ ’ਚ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਨੂੰ ਅਦਬ ਅਤੇ ਸਤਿਕਾਰ ਨਾਲ ਫੁੱਲਾਂ ਨਾਲ ਸਜੀ ਪਾਲਕੀ ’ਚ ਸੁਸ਼ੋਭਿਤ ਕੀਤਾ। ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਸੰਗਤਾਂ ਨੇ ਫੁੱਲਾਂ ਦੀ ਵਰਖਾ ਕੀਤੀ ਅਤੇ ਵਾਹਿਗੁਰੂ ਦੇ ਨਾਮ ਸਿਮਰਨ ਕਰਦਿਆਂ ਪਾਲਕੀ ਸਾਹਿਬ ਦੇ ਅੱਗੇ ਝਾੜੂ ਬਰਦਾਰ ਬਣਕੇ ਸੇਵਾ ਨਿਭਾਈ। ਨਗਰ ਕੀਰਤਨ ਦੌਰਾਨ ਗੱਤਕਾ ਪਾਰਟੀਆਂ ਖਿੱਚ ਦਾ ਕੇਂਦਰ ਬਣੀਆਂ ਅਤੇ ਖਾਲਸਾਈ ਪਹਿਰਾਵੇ ਵਿਚ ਵੱਖ ਵੱਖ ਸਿੱਖ ਸੁਸਾਇਟੀਆਂ ਦੇ ਬੱਚਿਆਂ ਨੇ ਸ਼ਿਰਕਤ ਕਰਕੇ ਖਾਲਸਾਈ ਰੰਗ ਪ੍ਰਦਾਨ ਕੀਤਾ।
ਨਗਰ ਕੀਰਤਨ ਦੀ ਆਰੰਭਤਾ ਮੌਕੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸੰਗਤਾਂ ਨੂੰ ਗੁਰੂ ਸਾਹਿਬ ਦੇ ਆਗਮਨ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸਮੁੱਚਾ ਜੀਵਨ ਮਨੁੱਖ ਨੂੰ ਧਰਮ ’ਚ ਦਿ੍ਰੜ ਰਹਿਣ ਦਾ ਮਾਰਗ ਵਿਖਾਉਂਦਾ ਅਤੇ ਗੁਰੂ ਸਾਹਿਬ ਵੱਲੋਂ ਮਾਨਵੀ ਹੱਕਾਂ ਲਈ ਦਿੱਤਾ ਗਿਆ ਬਲਿਦਾਨ ਵੀ ਸਮੁੱਚੀ ਮਾਨਵਤਾ ਨੂੰ ਜੀਵਨ ਜਾਂਚ ਪ੍ਰਦਾਨ ਕਰਦਾ ਹੈ। ਇਸ ਮੌਕੇ ਅਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ ਨੇ ਸੰਗਤਾਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ’ਤੇ ਚੱਲਣ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਚਲਾਈ ਧਰਮ ਦੀ ਪ੍ਰਚਾਰ ਪਸਾਰ ਲਹਿਰ ਦਾ ਹਿੱਸਾ ਬਣਨ ਲਈ ਪ੍ਰੇਰਿਆ ਗਿਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਪਾਵਨ ਅਸਥਾਨ ’ਤੇ ਇਲਾਕੇ ਦੀਆਂ ਸੰਗਤਾਂ ਦਾ ਵੱਡੀ ਗਿਣਤੀ ਵਿਚ ਪੁੱਜ ਕੇ ਗੁਰੂ ਘਰ ਪ੍ਰਤੀ ਆਸਥਾ ਪ੍ਰਗਟ ਕਰਨੀ ਇਹ ਦੱਸਦੀ ਹੈ ਕਿ ਗੁਰੂ ਹੀ ਬਖਸ਼ਣਹਾਰ ਹਨ ਸਾਨੂੰ ਆਪਣੇ ਜੀਵਨ ਵਿਚ ਗੁੁਰਬਾਣੀ ਫਲਸਫੇ ਦਾ ਧਾਰਨੀ ਹੋ ਕੇ ਆਪਣੇ ਚੰਗੇ ਭਵਿੱਖ ਲਈ ਬਾਣੀ ਅਤੇ ਬਾਣੇ ਨੂੰ ਅਪਣਾਉਣਾ ਚਾਹੀਦਾ ਤਾਂ ਕਿ ਮਨੁੱਖਾ ਜੀਵਨ ਸਫਲ ਬਣ ਸਕੇ।
ਹਿੰਦੂਸਥਾਨ ਸਮਾਚਾਰ