New Delhi: ਵਿਰੋਧੀ ਧਿਰ ਦੀ ਨੀਟ ਮੁੱਦੇ ‘ਤੇ ਚਰਚਾ ਦੀ ਮੰਗ ਕਾਰਨ ਸ਼ੁੱਕਰਵਾਰ ਨੂੰ ਲੋਕ ਸਭਾ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ। ਵਿਰੋਧੀ ਧਿਰ ਚਾਹੁੰਦੀ ਸੀ ਕਿ ਸਰਕਾਰ ਨੀਟ ਮੁੱਦੇ ‘ਤੇ ਚਰਚਾ ਕਰਵਾਏ, ਜਦਕਿ ਸੰਸਦੀ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ ਸਿਰਫ ਧੰਨਵਾਦ ਦੇ ਮਤੇ ‘ਤੇ ਚਰਚਾ ਹੁੰਦੀ ਹੈ।
ਲੋਕ ਸਭਾ ਦੀ ਕਾਰਵਾਈ ਦੋ ਵਾਰ ਮੁਲਤਵੀ ਕੀਤੀ ਗਈ। ਕਾਰਵਾਈ ਦੀ ਸ਼ੁਰੂਆਤ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਨੀਟ ਦੇ ਮੁੱਦੇ ‘ਤੇ ਆਪਣੇ ਵਿਚਾਰ ਪੇਸ਼ ਕਰਨ ਦੀ ਮੰਗ ਕੀਤੀ। ਇਸ ਕਾਰਨ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਜਦੋਂ 12 ਵਜੇ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਨੇ ਮੁੜ ਉਹੀ ਮੁੱਦਾ ਉਠਾਇਆ। ਇਸ ‘ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ ਕਿਸੇ ਹੋਰ ਵਿਸ਼ੇ ‘ਤੇ ਚਰਚਾ ਕਰਨ ਦੀ ਕੋਈ ਪਰੰਪਰਾ ਨਹੀਂ ਹੈ। ਇਸ ਤੋਂ ਬਾਅਦ ਸਿਰਫ਼ ਧੰਨਵਾਦ ਦੇ ਪ੍ਰਸਤਾਵ ‘ਤੇ ਚਰਚਾ ਕੀਤੀ ਜਾਂਦੀ ਹੈ। ਹੰਗਾਮਾ ਵਧਦਾ ਦੇਖ ਕੇ ਸਪੀਕਰ ਓਮ ਬਿਰਲਾ ਨੇ ਕਾਰਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ।
ਇਸ ਤੋਂ ਪਹਿਲਾਂ ਸਵੇਰੇ ਲੋਕ ਸਭਾ ਦੇ ਸਪੀਕਰ ਨੇ ਮ੍ਰਿਤਕ ਸਾਬਕਾ ਸੰਸਦ ਮੈਂਬਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਬ੍ਰਹਮਾਨੰਦ ਮੰਡਲ, ਜੈਭੱਦਰ ਸਿੰਘ, ਡੀ.ਵੇਣੂਗੋਪਾਲ ਮਨੋਹਰ ਜੋਸ਼ੀ, ਡਾ. ਸ਼ਫੀਕੁਰ ਰਹਿਮਾਨ ਬਰਕ, ਸੀ.ਪੀ.ਐਮ. ਗਿਰਿਅੱਪਾ, ਏ. ਗਣੇਸ਼ਮੂਰਤੀ, ਕੁੰਵਰ ਸਰਵੇਸ਼ ਕੁਮਾਰ, ਰਾਜਵੀਰ ਦਿਲੇਰ, ਵੀ. ਸ੍ਰੀਨਿਵਾਸ ਪ੍ਰਸਾਦ, ਐਮ. ਸੇਲਵਰਾਜ, ਸੁਸ਼ੀਲ ਕੁਮਾਰ ਮੋਦੀ ਅਤੇ ਪ੍ਰਤਾਪਰਾਓ ਬੀ ਭੋਸਲੇ ਨੂੰ ਸ਼ਰਧਾਂਜਲੀ ਭੇਟ ਕੀਤੀ। ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਣ ‘ਤੇ ਤ੍ਰਿਣਮੂਲ ਕਾਂਗਰਸ ਦੇ ਮੈਂਬਰ ਐਸਕੇ ਨੂਰੁਲ ਇਸਲਾਮ ਨੇ ਸਹੁੰ ਚੁੱਕੀ। ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਕਾਰਨ ਉਨ੍ਹਾਂ ਨੇ ਆਪਣੀ ਥਾਂ ਤੋਂ ਹੀ ਸਹੁੰ ਚੁੱਕੀ।
ਹਿੰਦੂਸਥਾਨ ਸਮਾਚਾਰ