New Delhi: ਦਿੱਲੀ ਦੇ ਪਾਲਮ ਸਥਿਤ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ-1 ‘ਤੇ ਅੱਜ ਤੜਕੇ ਇੱਕ ਵੱਡਾ ਹਾਦਸਾ ਵਾਪਰ ਗਿਆ। ਛੱਤ ਦਾ ਉਪਰਲਾ ਹਿੱਸਾ ਅਚਾਨਕ ਡਿੱਗਣ ਕਾਰਨ ਤਿੰਨ ਵਾਹਨ ਮਲਬੇ ਹੇਠ ਦੱਬ ਗਏ। ਇਸ ਹਾਦਸੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 7 ਹੋਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਅਤੇ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀਆਂ।
ਫਾਇਰ ਵਿਭਾਗ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਮਲਬੇ ਹੇਠ ਅੱਠ ਲੋਕ ਦੱਬੇ ਸਨ। ਉਨ੍ਹਾਂ ਨੂੰ ਬਾਹਰ ਕੱਢ ਕੇ ਮੇਦਾਂਤਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਇੱਕ ਵਿਅਕਤੀ ਦੀ ਮੌਤ ਹੋ ਗਈ। ਸੱਤ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਇੰਡੀਗੋ ਅਤੇ ਸਪਾਈਸ ਜੈੱਟ ਨੇ ਹਵਾਈ ਅੱਡੇ ‘ਤੇ ਯਾਤਰੀਆਂ ਨੂੰ ਅਪਡੇਟ ਕੀਤਾ ਹੈ ਕਿ ਟਰਮੀਨਲ-1 ਦੇ ਖਰਾਬ ਹੋਣ ਕਾਰਨ ਦਿੱਲੀ ਜਾਣ ਵਾਲੀ ਫਲਾਈਟ ਰੱਦ ਕਰ ਦਿੱਤੀ ਗਈ ਹੈ ਕਿਉਂਕਿ ਯਾਤਰੀ ਟਰਮੀਨਲ ‘ਚ ਦਾਖਲ ਨਹੀਂ ਹੋ ਸਕਦੇ ਹਨ।
ਦੋਵਾਂ ਕੰਪਨੀਆਂ ਨੇ ਕਿਹਾ ਹੈ ਕਿ ਟਰਮੀਨਲ ਦੇ ਅੰਦਰ ਪਹਿਲਾਂ ਤੋਂ ਪਹੁੰਚੇ ਯਾਤਰੀ ਹੀ ਆਪਣੀਆਂ ਉਡਾਣਾਂ ‘ਤੇ ਸਵਾਰ ਹੋ ਸਕਣਗੇ।
ਦਿਨ ਵਿੱਚ ਬਾਅਦ ਦੀ ਉਡਾਣ ਭਰਨ ਵਾਲੇ ਯਾਤਰੀਆਂ ਦਾ ਨੰਬਰ ਆਵੇਗਾ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਹਵਾਈ ਅੱਡੇ ਲਈ ਰਵਾਨਾ ਹੋਣ ਤੋਂ ਪਹਿਲਾਂ ਆਪਣੀ ਫਲਾਈਟ ਦੀ ਸਥਿਤੀ ਦੀ ਜਾਂਚ ਕਰਨ। ਇਸਦੇ ਲਈ ਕੰਪਨੀਆਂ ਨੇ ਹੈਲਪ ਨੰਬਰ ਵੀ ਜਾਰੀ ਕੀਤਾ ਹੈ।
ਦਿੱਲੀ ਏਅਰਪੋਰਟ ਦੇ ਟਰਮੀਨਲ-1 ‘ਤੇ ਯਾਤਰੀ ਅਨਿਕਤ ਨੇ ਕਿਹਾ, ”ਮੈਂ ਬੈਂਗਲੁਰੂ ਜਾ ਰਿਹਾ ਸੀ। ਮੇਰੀ ਸਵੇਰੇ 8:15 ਵਜੇ ਫਲਾਈਟ ਸੀ। ਸਵੇਰੇ ਕਰੀਬ 5:15 ਵਜੇ ਇੱਥੇ ਛੱਤ ਡਿੱਗ ਗਈ। ਏਅਰਪੋਰਟ ਅਥਾਰਟੀ ਕੋਲ ਕੋਈ ਜਵਾਬ ਨਹੀਂ ਹੈ। ਇੱਥੇ 700-800 ਲੋਕ ਇੱਥੇ ਖੜ੍ਹੇ ਹਨ ਅਤੇ ਕੋਈ ਵੀ ਅਜਿਹਾ ਨਜ਼ਰ ਨਹੀਂ ਆ ਰਿਹਾ ਜਿਸ ਤੋਂ ਸਹੀ ਜਵਾਬ ਮਿਲ ਸਕੇ।’’
ਇੱਕ ਹੋਰ ਯਾਤਰੀ ਨੇ ਦੱਸਿਆ ਕਿ ਮੇਰੀ ਇੰਡੀਗੋ ਦੀ ਫਲਾਈਟ ਸਵੇਰੇ ਨੌਂ ਵਜੇ ਸੀ। ਮੈਨੂੰ ਨਹੀਂ ਲੱਗਦਾ ਕਿ ਇੱਥੋਂ ਕੋਈ ਉਡਾਣ ਹੋਵੇਗੀ। 9 ਵਜੇ ਦੀ ਫਲਾਈਟ ਫੜਨ ਲਈ ਪਹੁੰਚੇ ਇਕ ਯਾਤਰੀ ਨੇ ਦੱਸਿਆ ਕਿ ਉਸਨੂੰ ਅਧਿਕਾਰੀਆਂ ਨੇ ਟਰਮੀਨਲ 2 ‘ਤੇ ਜਾਣ ਲਈ ਕਿਹਾ। ਅਜਿਹਾ ਲੱਗਦਾ ਹੈ ਕਿ ਇੱਥੋਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਦੂਜੇ ਪਾਸੇ ਦਿੱਲੀ ਮੈਟਰੋ ਨੇ ਭਾਰੀ ਮੀਂਹ ਕਾਰਨ ਯਸ਼ਭੂਮੀ ਦਵਾਰਕਾ ਸੈਕਟਰ-25 ਮੈਟਰੋ ਸਟੇਸ਼ਨ ‘ਤੇ ਐਂਟਰੀ ਅਤੇ ਐਗਜ਼ਿਟ ਬੰਦ ਕਰ ਦਿੱਤੇ ਹਨ। ਦਿੱਲੀ ਐਰੋਸਿਟੀ ਮੈਟਰੋ ਸਟੇਸ਼ਨ ਤੋਂ ਟਰਮੀਨਲ 1-ਆਈਜੀਆਈ ਹਵਾਈ ਅੱਡੇ ਤੱਕ ਸ਼ਟਲ ਸੇਵਾ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ