Amarnath Yatra News:ਅਮਰਨਾਥ ਯਾਤਰਾ ਲਈ ਤੀਰਥ ਯਾਤਰੀਆਂ ਦਾ ਪਹਿਲਾ ਜੱਥਾ ਸ਼ੁੱਕਰਵਾਰ ਨੂੰ ਜੰਮੂ ਦੇ ਭਗਵਤੀ ਨਗਰ ਤੋਂ ਕਸ਼ਮੀਰ ਲਈ ਰਵਾਨਾ ਹੋਵੇਗਾ, ਜਦੋਂ ਕਿ ਘਾਟੀ ਤੋਂ ਇਸ ਸਾਲ ਯਾਤਰਾ 29 ਜੂਨ ਤੋਂ ਸ਼ੁਰੂ ਹੋ ਰਹੀ ਹੈ। ਯਾਤਰੀਆਂ ਨੇ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ‘ਚ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ, ਜਿੱਥੋਂ ਉਹ ਸੁਰੱਖਿਆ ਵਾਹਨਾਂ ‘ਚ ਉੱਤਰੀ ਕਸ਼ਮੀਰ ਦੇ ਬਾਲਟਾਲ ਅਤੇ ਦੱਖਣੀ ਕਸ਼ਮੀਰ ਦੇ ਅਨੰਤਨਾਗ ਬੇਸ ਕੈਂਪ ਲਈ ਰਵਾਨਾ ਹੋਣਗੇ।
ਅਧਿਕਾਰੀਆਂ ਨੇ ਕਿਹਾ ਕਿ ਯਾਤਰੀਆਂ ਦਾ ਪਹਿਲਾ ਜੱਥਾ ਸ਼ੁੱਕਰਵਾਰ ਨੂੰ ਸਵੇਰੇ 4 ਵਜੇ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਸੁਰੱਖਿਆ ਵਾਹਨਾਂ ਨਾਲ ਘਾਟੀ ਲਈ ਰਵਾਨਾ ਹੋਵੇਗਾ। ਲਗਭਗ 300 ਕਿਲੋਮੀਟਰ ਲੰਬੇ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਦੀ ਸੁਰੱਖਿਆ ਲਈ ਸੈਂਕੜੇ ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐਫ) ਦੇ ਜਵਾਨਾਂ ਨੂੰ ਡਿਊਟੀ ‘ਤੇ ਤਾਇਨਾਤ ਕੀਤਾ ਗਿਆ ਹੈ। ਸੀਏਪੀਐੱਫ ਵਲੋਂ ਹੋਰ ਟੀਮਾਂ 85 ਕਿਲੋਮੀਟਰ ਲੰਬੀ ਸ਼੍ਰੀਨਗਰ-ਬਾਲਟਾਲ ਬੇਸ ਕੈਂਪ ਰੋਡ ਅਤੇ ਕਾਜ਼ੀਗੁੰਡ-ਪਹਿਲਗਾਮ ਬੇਸ ਕੈਂਪ ਰੋਡ ਦੀ ਸੁਰੱਖਿਆ ਕਰ ਰਹੀਆਂ ਹਨ। ਸ੍ਰੀਨਗਰ-ਬਾਲਟਾਲ ਸੜਕ ‘ਤੇ ਗਾਂਦਰਬਲ ਜ਼ਿਲ੍ਹੇ ਦੇ ਮਣੀਗਾਮ ਅਤੇ ਕਾਜ਼ੀਗੁੰਡ-ਪਹਿਲਗਾਮ ਸੜਕ ‘ਤੇ ਮੀਰ ਬਾਜ਼ਾਰ ਵਿਖੇ ਯਾਤਰਾ ਟ੍ਰਾਂਜ਼ਿਟ ਕੈਂਪ ਸਥਾਪਿਤ ਕੀਤੇ ਗਏ ਹਨ।
ਇਸ ਸਾਲ ਦੀ ਅਮਰਨਾਥ ਯਾਤਰਾ ਲਈ ਹੁਣ ਤੱਕ ਕੁੱਲ 3.50 ਲੱਖ ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕਰਾਈ ਹੈ ਅਤੇ ਗੁਫਾ ਦੇ ਦੋਹਾਂ ਰਸਤਿਆਂ ‘ਤੇ 125 ਲੰਗਰ (ਕਮਿਊਨਿਟੀ ਰਸੋਈਆਂ) ਸਥਾਪਤ ਕੀਤੇ ਗਏ ਹਨ। ਇਨ੍ਹਾਂ ਲੰਗਰਾਂ ਵਿੱਚ 7000 ਤੋਂ ਵੱਧ ਸੇਵਾਦਾਰ ਯਾਤਰੀਆਂ ਦੀ ਸੇਵਾ ਕਰਨਗੇ। ਜੰਮੂ ਦੇ ਸਰਸਵਤੀ ਧਾਮ ਅਤੇ ਗੀਤਾ ਭਵਨ ਪਰੇਡ ਵਿਚ ਬੁੱਧਵਾਰ ਤੋਂ ਤੁਰੰਤ ਰਜਿਸਟ੍ਰੇਸ਼ਨ ਲਈ ਟੋਕਨ ਜਾਰੀ ਕੀਤੇ ਜਾਣੇ ਸ਼ੁਰੂ ਹੋ ਗਏ ਹਨ।
ਪਹਿਲੇ ਦਿਨ ਬਾਲਟਾਲ ਅਤੇ ਪਹਿਲਗਾਮ ਤੋਂ ਯਾਤਰਾ ਕਰਨ ਵਾਲਿਆਂ ਨੂੰ ਇੱਕ-ਇੱਕ ਹਜ਼ਾਰ ਟੋਕਨ ਦਿੱਤੇ ਗਏ ਹਨ। ਵੀਰਵਾਰ ਨੂੰ ਸਵੇਰੇ 7 ਵਜੇ ਟੋਕਨ ਲੈਣ ਵਾਲੇ ਯਾਤਰੀਆਂ ਦੀ ਰਜਿਸਟ੍ਰੇਸ਼ਨ ਵੀ ਜਾਰੀ ਹੈ। ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਯਾਤਰੀਆਂ ਵਿੱਚ ਭਾਰੀ ਉਤਸ਼ਾਹ ਹੈ। ਟੋਕਨ ਲੈਣ ਲਈ ਜੰਮੂ ਦੇ ਸਰਸਵਤੀ ਧਾਮ ਅਤੇ ਗੀਤਾ ਭਵਨ ‘ਚ ਸਵੇਰ ਤੋਂ ਹੀ ਲਾਈਨਾਂ ਲੱਗ ਗਈਆਂ ਸਨ।
ਯਾਤਰੀ ਵਾਹਨਾਂ ‘ਤੇ ਹਾਲ ਹੀ ‘ਚ ਹੋਏ ਅੱਤਵਾਦੀ ਹਮਲਿਆਂ ਦੇ ਮੱਦੇਨਜ਼ਰ ਯਾਤਰਾ ਮਾਰਗ ‘ਤੇ ਸੁਰੱਖਿਆ ਬਲਾਂ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ। ਇਸਦੇ ਨਾਲ ਹੀ ਡਰੋਨ ਅਤੇ 365 ਐਂਗਲ ਸੀਸੀਟੀਵੀ ਕੈਮਰਿਆਂ ਰਾਹੀਂ ਯਾਤਰੀ ਵਾਹਨਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਜੰਮੂ-ਸ੍ਰੀਨਗਰ ਹਾਈਵੇਅ ‘ਤੇ ਹਰ 500 ਮੀਟਰ ਅਤੇ ਇਕ ਕਿਲੋਮੀਟਰ ਦੀ ਦੂਰੀ ‘ਤੇ ਸੁਰੱਖਿਆ ਚੌਕੀਆਂ ਸਥਾਪਿਤ ਕੀਤੀਆਂ ਗਈਆਂ ਹਨ। ਇਨ੍ਹਾਂ 24 ਘੰਟੇ ਹਥਿਆਰਬੰਦ ਜਵਾਨ ਤਾਇਨਾਤ ਰਹਿਣਗੇ।
ਅਮਰਨਾਥ ਯਾਤਰਾ ਲਈ ਵੱਡੀ ਗਿਣਤੀ ‘ਚ ਤੀਰਥ ਯਾਤਰੀ ਜੰਮੂ ਪਹੁੰਚਣੇ ਸ਼ੁਰੂ ਹੋ ਗਏ ਹਨ। ਯਾਤਰੀਆਂ ਲਈ ਵੀਰਵਾਰ ਸਵੇਰੇ ਰੇਲਵੇ ਸਟੇਸ਼ਨ ਦੇ ਨੇੜੇ ਵੈਸ਼ਨਵੀ ਧਾਮ, ਪੰਚਾਇਤ ਭਵਨ, ਮਹਾਜਨ ਹਾਲ, ਪੁਰਾਣੀ ਮੰਡੀ ਸ਼੍ਰੀ ਰਾਮ ਮੰਦਰ ਅਤੇ ਗੀਤਾ ਭਵਨ (ਸਾਧੂਆਂ ਲਈ) ਵਿੱਚ ਤੁਰੰਤ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ। ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਸ਼ਰਧਾਲੂ ਵੀ ਜੱਥੇ ਵਿੱਚ ਸ਼ਾਮਲ ਹੋ ਸਕਦੇ ਹਨ। ਬੇਸ ਕੈਂਪ ਭਗਵਤੀ ਨਗਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਮੂਹ ਸ਼ਰਧਾਲੂਆਂ ਨੂੰ ਇੱਕ ਦਿਨ ਪਹਿਲਾਂ ਸ਼ਾਮ 7 ਵਜੇ ਤੱਕ ਬੇਸ ਕੈਂਪ ਵਿੱਚ ਦਾਖਲ ਹੋਣਾ ਹੋਵੇਗਾ। ਵੀਰਵਾਰ ਤੋਂ ਸ਼ਰਧਾਲੂਆਂ ਲਈ ਬੇਸ ਕੈਂਪ ਵਿੱਚ ਆਰਐਫਆਈਡੀ ਕਾਊਂਟਰ ਸ਼ੁਰੂ ਕਰ ਦਿੱਤਾ ਗਿਆ ਹੈ। ਸ਼ਰਧਾਲੂਆਂ ਨੂੰ ਯਾਤਰਾ ਦੀ ਨਿਰਧਾਰਿਤ ਮਿਤੀ ਦੇ ਅਨੁਸਾਰ ਹੀ ਬੇਸ ਕੈਂਪ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਜਾਵੇਗੀ।
ਪਹਿਲਗਾਮ ਅਤੇ ਬਾਲਟਾਲ ਦੋਵਾਂ ਮਾਰਗਾਂ ‘ਤੇ ਸ਼ਰਧਾਲੂਆਂ ਲਈ ਹੈਲੀਕਾਪਟਰ ਸੇਵਾਵਾਂ ਵੀ ਉਪਲਬਧ ਹਨ। ਇਸ ਸਾਲ ਯਾਤਰਾ ਲਈ ਐਨਡੀਆਰਐਫ, ਐਸਡੀਆਰਐਫ, ਸਥਾਨਕ ਪੁਲਿਸ, ਬੀਐਸਐਫ ਅਤੇ ਸੀਆਰਪੀਐਫ ਦੀਆਂ 38 ਪਹਾੜੀ ਬਚਾਅ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਸਥਾਨਕ ਕੁਲੀ, ਟੱਟੂਵਾਲੇ ਅਤੇ ਮਜ਼ਦੂਰ ਹਰ ਸਾਲ ਅਮਰਨਾਥ ਯਾਤਰਾ ਨੂੰ ਸਫਲ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ।
ਨੁਨਵਾਨ (ਪਹਿਲਗਾਮ-ਗੁਫਾ ਮੰਦਰ) ਦਾ ਰਵਾਇਤੀ ਰਸਤਾ 48 ਕਿਲੋਮੀਟਰ ਲੰਬਾ ਹੈ, ਜਦੋਂ ਕਿ ਬਾਲਟਾਲ-ਗੁਫਾ ਮੰਦਰ ਦਾ ਰਸਤਾ ਸਿਰਫ 14 ਕਿਲੋਮੀਟਰ ਲੰਬਾ ਹੈ। ਪਰੰਪਰਾਗਤ ਨੁਨਵਾਨ (ਪਹਿਲਗਾਮ-ਗੁਫਾ ਮੰਦਿਰ) ਮਾਰਗ ਦੀ ਵਰਤੋਂ ਕਰਨ ਵਾਲੇ ਯਾਤਰੀਆਂ ਨੂੰ ਗੁਫਾ ਮੰਦਰ ਤੱਕ ਪਹੁੰਚਣ ਲਈ ਚਾਰ ਦਿਨ ਲੱਗਦੇ ਹਨ, ਜਦੋਂ ਕਿ ਬਾਲਟਾਲ-ਗੁਫਾ ਮੰਦਰ ਦੇ ਛੋਟੇ ਰਸਤੇ ਦੀ ਵਰਤੋਂ ਕਰਨ ਵਾਲੇ ਯਾਤਰੀ ਦਰਸ਼ਨ ਤੋਂ ਬਾਅਦ ਉਸੇ ਦਿਨ ਬੇਸ ਕੈਂਪ ਵਾਪਸ ਆਉਂਦੇ ਹਨ।
ਸਮੁੰਦਰ ਤਲ ਤੋਂ 3,888 ਮੀਟਰ ਦੀ ਉਚਾਈ ‘ਤੇ ਸਥਿਤ ਸ਼੍ਰੀ ਅਮਰਨਾਥ ਗੁਫਾ ਵਿੱਚ ਕੁਦਰਤੀ ਤੌਰ ‘ਤੇ ਹਿਮਸ਼ਿਵਲਿੰਗ ਬਣਦਾ ਹੈ। ਸ਼ਰਧਾਲੂਆਂ ਦਾ ਮੰਨਣਾ ਹੈ ਕਿ ਇਹ ਬਰਫ਼ ਦੀ ਰਚਨਾ ਭਗਵਾਨ ਸ਼ਿਵ ਦੀਆਂ ਪੌਰਾਣਿਕ ਸ਼ਕਤੀਆਂ ਨੂੰ ਦਰਸਾਉਂਦੀ ਹੈ। ਇਸ ਸਾਲ 52 ਦਿਨਾਂ ਦੀ ਯਾਤਰਾ 29 ਜੂਨ ਤੋਂ ਸ਼ੁਰੂ ਹੋਵੇਗੀ ਅਤੇ 19 ਅਗਸਤ ਨੂੰ ਰੱਖੜੀ ਅਤੇ ਸਾਉਣ ਦੀ ਪੂਰਨਮਾਸ਼ੀ ਦੇ ਮੌਕੇ ‘ਤੇ ਸਮਾਪਤ ਹੋਵੇਗੀ।
ਹਿੰਦੂਸਥਾਨ ਸਮਾਚਾਰ