Firing in Hoshiarpur: ਹੁਸ਼ਿਆਰਪੁਰ ਤੋਂ ਕਰੀਬ 15 ਕਿਲੋਮੀਟਰ ਦੂਰ ਮੇਹਟੀਆਣਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਪੰਡੋਰੀ ਬੀਬੀ ਵਿਖੇ ਬੀਤੀ ਰਾਤ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਜ਼ਬਰਦਸਤ ਲੜਾਈ ਹੋ ਗਈ। ਇਸ ਦੌਰਾਨ ਇਕ ਦੂਜੇ ‘ਤੇ ਗੋਲੀਆਂ ਚਲਾਈਆਂ ਗਈਆਂ। ਗੋਲੀ ਲੱਗਣ ਕਾਰਨ ਦੋਵੇਂ ਧਿਰਾਂ ਦੇ ਦੋ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਦਰਜਨਾਂ ਲੋਕ ਟਰੈਕਟਰ ਲੈ ਕੇ ਜ਼ਮੀਨ ’ਤੇ ਕੀਤੇ ਕਬਜ਼ੇ ਛੁਡਾਉਣ ਲਈ ਪੁੱਜੇ। ਜਬਰੀ ਜ਼ਮੀਨ ਵਾਹੁਣ ਦੀ ਕੋਸ਼ਿਸ਼ ਕਰ ਰਹੀ ਧਿਰ ਦਾ ਦੂਜੀ ਧਿਰ ਵੱਲੋਂ ਵਿਰੋਧ ਕੀਤਾ ਗਿਆ। ਇਸ ਮਾਮਲੇ ਨੂੰ ਲੈ ਕੇ ਵਿਵਾਦ ਵਧ ਗਿਆ। ਕੁਝ ਦੇਰ ਵਿਚ ਹੀ ਦੋਵਾਂ ਧਿਰਾਂ ਵਿਚ ਲੜਾਈ ਸ਼ੁਰੂ ਹੋ ਗਈ। ਇਸ ਦੌਰਾਨ ਇਕ ਪਾਸੇ ਤੋਂ ਇੰਦਰਪ੍ਰੀਤ ਸਿੰਘ ਅਤੇ ਦੂਜੇ ਪਾਸੇ ਤੋਂ ਸਰਪੰਚ ਅਮਰ ਸਿੰਘ ਗੋਲੀਆਂ ਲੱਗਣ ਕਾਰਨ ਜ਼ਖਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਇੰਦਰਪ੍ਰੀਤ ਸਿੰਘ ਨੂੰ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ।
ਇਸੇ ਦੌਰਾਨ ਗੋਲੀਬਾਰੀ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੇਹਟੀਆਣਾ ਵਿੱਚ ਤਾਇਨਾਤ ਐਸਐਚਓ ਇੰਸਪੈਕਟਰ ਊਸ਼ਾ ਰਾਣੀ ਅਤੇ ਡੀਐਸਪੀ (ਆਰ) ਸ਼ਿਵਦਰਸ਼ਨ ਸਿੰਘ ਸੰਧੂ ਵੀ ਮੌਕੇ ’ਤੇ ਪਹੁੰਚ ਗਏ। ਥਾਣਾ ਮੇਹਟੀਆਣਾ ਦੇ ਏਐਸਆਈ ਵਿਜੇ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚ ਗਈ ਸੀ। ਦੋਵਾਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਜ਼ਖਮੀ ਦੇ ਹੋਸ਼ ‘ਚ ਆਉਣ ਤੋਂ ਬਾਅਦ ਪੁਲਸ ਸ਼ਿਕਾਇਤ ਦੇ ਆਧਾਰ ‘ਤੇ ਇਸ ਮਾਮਲੇ ‘ਚ ਅਗਲੀ ਕਾਰਵਾਈ ਕਰੇਗੀ।
ਹਿੰਦੂਸਥਾਨ ਸਮਾਚਾਰ