T20 WC Semifinal 2024/SA Vs AFG: ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦੱਖਣੀ ਅਫਰੀਕਾ ਨੇ ਵੀਰਵਾਰ ਨੂੰ ਇੱਥੇ ਖੇਡੇ ਜਾ ਰਹੇ ਆਈਸੀਸੀ ਟੀ-20 ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ‘ਚ ਅਫਗਾਨਿਸਤਾਨ ਨੂੰ 11.5 ਓਵਰਾਂ ‘ਚ ਸਿਰਫ 56 ਦੌੜਾਂ ’ਤੇ ਆਊਟ ਕਰ ਦਿੱਤਾ। ਅਜ਼ਮਤੁੱਲਾ ਉਮਰਜ਼ਈ (10) ਤੋਂ ਇਲਾਵਾ ਅਫਗਾਨਿਸਤਾਨ ਦਾ ਕੋਈ ਵੀ ਬੱਲੇਬਾਜ਼ ਦੋਹਰਾ ਅੰਕੜਾ ਵੀ ਪਾਰ ਨਹੀਂ ਕਰ ਸਕਿਆ।
ਮੈਚ ‘ਚ ਅਫਗਾਨਿਸਤਾਨ ਦੇ ਕਪਤਾਨ ਰਾਸ਼ਿਦ ਖਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਉਨ੍ਹਾਂ ਦਾ ਇਹ ਫੈਸਲਾ ਉਸ ਸਮੇਂ ਗਲਤ ਸਾਬਤ ਹੋਇਆ ਜਦੋਂ ਅਫਗਾਨਿਸਤਾਨ ਦੀ ਟੀਮ ਸਿਰਫ 28 ਦੌੜਾਂ ‘ਤੇ 6 ਵਿਕਟਾਂ ਗੁਆ ਬੈਠੀ।
ਇੱਥੋਂ ਰਾਸ਼ਿਦ ਖਾਨ (08) ਅਤੇ ਕਰੀਮ ਜਨਤ (08) ਨੇ 22 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਟੀਮ ਦਾ ਸਕੋਰ 50 ਤੱਕ ਪਹੁੰਚਾਇਆ। 50 ਦੇ ਕੁੱਲ ਸਕੋਰ ‘ਤੇ ਤਬਰੇਜ਼ ਸ਼ਮਸੀ ਨੇ ਪਹਿਲਾਂ ਜਨਤ ਅਤੇ ਫਿਰ ਨੂਰ ਅਹਿਮਦ (0) ਨੂੰ ਆਊਟ ਕਰਕੇ ਅਫਗਾਨਿਸਤਾਨ ਦਾ ਸਕੋਰ 50 ਦੌੜਾਂ ‘ਤੇ 8 ਵਿਕਟਾਂ ਤੱਕ ਪਹੁੰਚਾ ਦਿੱਤਾ। ਇਸ ਸਕੋਰ ‘ਤੇ ਐਨਰਿਕ ਨੋਰਟਜੇ ਨੇ ਰਾਸ਼ਿਦ ਖਾਨ ਨੂੰ ਵੀ ਬੋਲਡ ਕਰਕੇ ਪੈਵੇਲੀਅਨ ਭੇਜ ਦਿੱਤਾ। 56 ਦੇ ਕੁੱਲ ਸਕੋਰ ‘ਤੇ ਸ਼ਮਸੀ ਨੇ ਨਵੀਲ ਉਲ ਹੱਕ (02) ਨੂੰ ਐੱਲ.ਬੀ.ਡਬਲਯੂ. ਕਰਕੇ ਅਫਗਾਨਿਸਤਾਨ ਦੀ ਪਾਰੀ ਨੂੰ ਖਤ਼ਮ ਕਰ ਦਿੱਤਾ। ਫਜ਼ਲਹਕ ਫਾਰੂਕੀ 2 ਦੌੜਾਂ ਬਣਾ ਕੇ ਅਜੇਤੂ ਰਹੇ।
ਦੱਖਣੀ ਅਫਰੀਕਾ ਲਈ ਮਾਰਕੋ ਜੈਨਸਨ ਅਤੇ ਤਬਰੇਜ਼ ਸ਼ਮਸੀ ਨੇ 3-3 ਵਿਕਟਾਂ ਲਈਆਂ, ਜਦਕਿ ਕਾਗਿਸੋ ਰਬਾਡਾ ਅਤੇ ਐਨਰਿਕ ਨੋਰਟਜੇ ਨੇ 2-2 ਵਿਕਟਾਂ ਲਈਆਂ।
ਹਿੰਦੂਸਥਾਨ ਸਮਾਚਾਰ