New Delhi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਰਾਸ਼ਟਰੀ ਲੋਕਤੰਤਰੀ ਗਠਜੋੜ (ਐੱਨ.ਡੀ.ਏ.) ਦੇ ਉਮੀਦਵਾਰ ਅਤੇ ਕੋਟਾ ਦੇ ਸੰਸਦ ਓਮ ਬਿਰਲਾ ਨੂੰ 18ਵੀਂ ਲੋਕ ਸਭਾ ਦਾ ਸਪੀਕਰ ਚੁਣੇ ਜਾਣ ‘ਤੇ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਨਮਾਨ ਦੀ ਗੱਲ ਹੈ ਕਿ ਤੁਸੀਂ ਦੂਜੀ ਵਾਰ ਇਸ ਕੁਰਸੀ ਲਈ ਚੁਣੇ ਗਏ ਹੋ। ਬਿਰਲਾ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਭਰੋਸਾ ਪ੍ਰਗਟਾਇਆ ਕਿ 18ਵੀਂ ਲੋਕ ਸਭਾ ਉਨ੍ਹਾਂ ਦੀ ਅਗਵਾਈ ਹੇਠ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉਤਰੇਗੀ।
18ਵੀਂ ਲੋਕ ਸਭਾ ‘ਚ ਆਪਣੇ ਪਹਿਲੇ ਸੰਬੋਧਨ ‘ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸੰਸਦ ਭਵਨ ਸਿਰਫ਼ ਕੰਧਾਂ ਹੀ ਨਹੀਂ ਹਨ, ਸਗੋਂ 140 ਕਰੋੜ ਨਾਗਰਿਕਾਂ ਦੀਆਂ ਇੱਛਾਵਾਂ ਦਾ ਕੇਂਦਰ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਦਨ ਦਾ ਕੰਮਕਾਜ, ਆਚਰਣ ਅਤੇ ਜਵਾਬਦੇਹੀ ਸਾਡੇ ਦੇਸ਼ ਵਿੱਚ ਲੋਕਤੰਤਰ ਦੀ ਨੀਂਹ ਨੂੰ ਮਜ਼ਬੂਤ ਬਣਾਉਂਦੀ ਹੈ।
ਅੰਮ੍ਰਿਤ ਕਾਲ ਦੌਰਾਨ ਬਿਰਲਾ ਦੇ ਦੂਜੀ ਵਾਰ ਅਹੁਦਾ ਸੰਭਾਲਣ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਉਨ੍ਹਾਂ ਦਾ ਪੰਜ ਸਾਲ ਦਾ ਤਜਰਬਾ ਅਤੇ ਉਨ੍ਹਾਂ ਨਾਲ ਮੈਂਬਰਾਂ ਦਾ ਤਜਰਬਾ, ਇਸ ਮਹੱਤਵਪੂਰਨ ਸਮੇਂ ’ਚ ਮੁੜ ਚੁਣੇ ਗਏ ਸਪੀਕਰ ਨੂੰ ਸਦਨ ਦੀ ਅਗਵਾਈ ਕਰਨ ਦੇ ਸਮਰੱਥ ਬਣਾਵੇਗਾ। ਪ੍ਰਧਾਨ ਮੰਤਰੀ ਨੇ ਸਪੀਕਰ ਦੀ ਨਿਮਰਤਾ ਭਰਪੂਰ ਸ਼ਖਸੀਅਤ ਅਤੇ ਉਨ੍ਹਾਂ ਦੀ ਆਕਰਸ਼ਕ ਮੁਸਕਰਾਹਟ ਬਾਰੇ ਗੱਲ ਕੀਤੀ, ਜੋ ਸਦਨ ਦੇ ਸੰਚਾਲਨ ਵਿੱਚ ਉਨ੍ਹਾਂ ਦੀ ਮਦਦ ਕਰਦੀ ਹੈ।
ਪ੍ਰਧਾਨ ਮੰਤਰੀ ਨੇ 17ਵੀਂ ਲੋਕ ਸਭਾ ਦੀ ਰਿਕਾਰਡ ਉਤਪਾਦਕਤਾ ਦਾ ਜ਼ਿਕਰ ਕੀਤਾ ਜੋ 97 ਫੀਸਦੀ ਰਹੀ। ਉਨ੍ਹਾਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਸਦਨ ਦੇ ਮੈਂਬਰਾਂ ਲਈ ਸਪੀਕਰ ਦੇ ਨਿੱਜੀ ਸਬੰਧਾਂ ਅਤੇ ਚਿੰਤਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਬਿਰਲਾ ਦੀ ਪ੍ਰਸ਼ੰਸਾ ਕੀਤੀ ਕਿ ਮਹਾਂਮਾਰੀ ਦੇ ਬਾਵਜੂਦ ਉਨ੍ਹਾਂ ਨੇ ਸਦਨ ਦੇ ਕੰਮਕਾਜ ਵਿੱਚ ਵਿਘਨ ਨਹੀਂ ਪੈਣ ਦਿੱਤਾ ਅਤੇ ਉਤਪਾਦਕਤਾ 170 ਫੀਸਦੀ ਤੱਕ ਪਹੁੰਚ ਗਈ।
ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਮੁੜ ਚੁਣੇ ਗਏ ਸਪੀਕਰ ਨਵੀਆਂ ਸਫਲਤਾਵਾਂ ਹਾਸਲ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਬਲਰਾਮ ਜਾਖੜ ਪਹਿਲੇ ਸਪੀਕਰ ਸਨ, ਜਿਨ੍ਹਾਂ ਨੇ ਲਗਾਤਾਰ ਪੰਜ ਸਾਲ ਬਾਅਦ ਮੁੜ ਇਸ ਅਹੁਦੇ ਨੂੰ ਸੰਭਾਲਿਆ ਸੀ ਅਤੇ ਅੱਜ ਓਮ ਬਿਰਲਾ ਨੇ 17ਵੀਂ ਲੋਕ ਸਭਾ ਦੀ ਸਫਲਤਾਪੂਰਵਕ ਸਮਾਪਤੀ ਤੋਂ ਬਾਅਦ 18ਵੀਂ ਲੋਕ ਸਭਾ ਨੂੰ ਵੱਡੀਆਂ ਸਫਲਤਾਵਾਂ ਪਹੁੰਚਾਉਣ ਦੀ ਜ਼ਿੰਮੇਵਾਰੀ ਸੰਭਾਲੀ ਹੈ। ਉਨ੍ਹਾਂ ਨੇ 20 ਸਾਲਾਂ ਦੇ ਰੁਝਾਨ ਦਾ ਵੀ ਜ਼ਿਕਰ ਕੀਤਾ ਜਦੋਂ ਸਪੀਕਰ ਵਜੋਂ ਚੁਣੇ ਗਏ ਲੋਕਾਂ ਨੇ ਜਾਂ ਤਾਂ ਚੋਣ ਨਹੀਂ ਲੜੀ ਜਾਂ ਉਨ੍ਹਾਂ ਦੀ ਨਿਯੁਕਤੀ ਤੋਂ ਬਾਅਦ ਚੋਣ ਨਹੀਂ ਜਿੱਤੀ, ਪਰ ਓਮ ਬਿਰਲਾ ਨੇ ਦੁਬਾਰਾ ਜਿੱਤ ਪ੍ਰਾਪਤ ਕਰਕੇ ਸਪੀਕਰ ਵਜੋਂ ਇਤਿਹਾਸ ਰਚ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਇੱਕ ਸੰਸਦ ਮੈਂਬਰ ਵਜੋਂ ਸਪੀਕਰ ਦੇ ਕੰਮਕਾਜ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਓਮ ਬਿਰਲਾ ਵੱਲੋਂ ਆਪਣੇ ਹਲਕੇ ਵਿੱਚ ਸਿਹਤਮੰਦ ਮਾਂ ਅਤੇ ਸਿਹਤਮੰਦ ਬੱਚੇ ਦੀ ਸ਼ਾਨਦਾਰ ਮੁਹਿੰਮ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਆਪਣੇ ਹਲਕੇ ਕੋਟਾ ਦੇ ਪੇਂਡੂ ਖੇਤਰਾਂ ਵਿੱਚ ਸਿਹਤ ਸੇਵਾਵਾਂ ਨੂੰ ਲੈ ਕੇ ਜਾਣ ਵਿੱਚ ਬਿਰਲਾ ਵੱਲੋਂ ਕੀਤੇ ਚੰਗੇ ਕੰਮਾਂ ਦੀ ਵੀ ਟਿੱਪਣੀ ਕੀਤੀ। ਉਨ੍ਹਾਂ ਆਪਣੇ ਹਲਕੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਬਿਰਲਾ ਦੀ ਸ਼ਲਾਘਾ ਵੀ ਕੀਤੀ।
ਪਿਛਲੀ ਲੋਕ ਸਭਾ ਵਿੱਚ ਬਿਰਲਾ ਦੀ ਅਗਵਾਈ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਉਸ ਦੌਰ ਨੂੰ ਸਾਡੇ ਸੰਸਦੀ ਇਤਿਹਾਸ ਦਾ ਸੁਨਹਿਰੀ ਦੌਰ ਦੱਸਿਆ। 17ਵੀਂ ਲੋਕ ਸਭਾ ਦੌਰਾਨ ਲਏ ਗਏ ਪਰਿਵਰਤਨਕਾਰੀ ਫੈਸਲਿਆਂ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਸਪੀਕਰ ਦੀ ਅਗਵਾਈ ਦੀ ਸ਼ਲਾਘਾ ਕੀਤੀ। ਉਨ੍ਹਾਂ ਨਾਰੀ ਸ਼ਕਤੀ ਵੰਦਨ ਐਕਟ, ਜੰਮੂ ਕਸ਼ਮੀਰ ਪੁਨਰਗਠਨ, ਭਾਰਤੀ ਨਿਆਂਇਕ ਸੰਹਿਤਾ, ਭਾਰਤੀ ਸਿਵਲ ਸੁਰੱਖਿਆ ਕੋਡ, ਸਮਾਜਿਕ ਸੁਰੱਖਿਆ ਕੋਡ, ਨਿੱਜੀ ਡੇਟਾ ਪ੍ਰੋਟੈਕਸ਼ਨ ਬਿੱਲ, ਮੁਸਲਿਮ ਵੂਮੈਨ ਪ੍ਰੋਟੈਕਸ਼ਨ ਆਫ਼ ਮੈਰਿਜ ਰਾਈਟਸ ਬਿੱਲ, ਟਰਾਂਸਜੈਂਡਰ ਵਿਅਕਤੀਆਂ ਦੇ ਅਧਿਕਾਰਾਂ ਦੀ ਸੁਰੱਖਿਆ ਬਿੱਲ, ਖਪਤਕਾਰ ਸੁਰੱਖਿਆ ਬਿੱਲ, ਸਿੱਧੇ ਟੈਕਸ-ਵਿਵਾਦ ਸੇ ਵਿਸ਼ਵਾਸ ਬਿੱਲ ਵਰਗੇ ਇਤਿਹਾਸਕ ਕੰਮਾਂ ਦਾ ਜ਼ਿਕਰ ਕੀਤਾ, ਜੋ ਓਮ ਬਿਰਲਾ ਦੀ ਪ੍ਰਧਾਨਗੀ ਹੇਠ ਪਾਸ ਕੀਤੇ ਗਏ।
ਪ੍ਰਧਾਨ ਮੰਤਰੀ ਨੇ ਜੀ-20 ਦੇਸ਼ਾਂ ਦੀਆਂ ਲੈਜਿਸਲੇਟਿਵ ਬਾਡੀਜ਼ ਦੇ ਪ੍ਰੀਜ਼ਾਈਡਿੰਗ ਅਫਸਰਾਂ ਦੀ ਬਹੁਤ ਹੀ ਸਫਲ ਪੀ-20 ਸੰਮੇਲਨ ਲਈ ਵੀ ਸਪੀਕਰ ਦੀ ਪ੍ਰਸ਼ੰਸਾ ਕੀਤੀ, ਜਿਸ ਵਿੱਚ ਰਿਕਾਰਡ ਗਿਣਤੀ ਵਿੱਚ ਦੇਸ਼ਾਂ ਨੇ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਸਦਨ ਦੀ ਮਰਿਆਦਾ ਨੂੰ ਕਾਇਮ ਰੱਖਣ ਵਿੱਚ ਸਪੀਕਰ ਵਲੋਂ ਦਿਖਾਏ ਸੰਤੁਲਨ ਦੀ ਸ਼ਲਾਘਾ ਕੀਤੀ, ਜਿਸ ਵਿੱਚ ਕਈ ਸਖ਼ਤ ਫੈਸਲੇ ਲੈਣਾ ਵੀ ਸ਼ਾਮਲ ਸਨ। ਉਨ੍ਹਾਂ ਨੇ ਪਰੰਪਰਾਵਾਂ ਨੂੰ ਕਾਇਮ ਰੱਖਦੇ ਹੋਏ ਸਦਨ ਦੀਆਂ ਕਦਰਾਂ-ਕੀਮਤਾਂ ਨੂੰ ਸੰਭਾਲਣ ਦੀ ਚੋਣ ਕਰਨ ਲਈ ਸਪੀਕਰ ਦਾ ਧੰਨਵਾਦ ਕੀਤਾ।
ਹਿੰਦੂਸਥਾਨ ਸਮਾਚਾਰ