Chandigarh: ਮੰਗਲਵਾਰ ਨੂੰ ਸੰਸਦ ਦੇ ਦੂਜੇ ਦਿਨ ਦੇ ਸੈਸ਼ਨ ਵਿਚ ਪੰਜਾਬ ਦੇ ਲੋਕ ਸਭਾ ਮੈਂਬਰਾਂ ਅਮਰਿੰਦਰ ਸਿੰਘ ਰਾਜਾ ਵੜਿੰਗ, ਗੁਰਜੀਤ ਸਿੰਘ ਔਜਲਾ, ਡਾ. ਅਮਰ ਸਿੰਘ , ਸਰਬਜੀਤ ਸਿੰਘ ਖ਼ਾਲਸਾ, ਸੁਖਜਿੰਦਰ ਸਿੰਘ ਰੰਧਾਵਾ, ਸ਼ੇਰ ਸਿੰਘ ਘੁਬਾਇਆ, ਚਰਨਜੀਤ ਸਿੰਘ ਚੰਨੀ, ਹਰਸਿਮਰਤ ਕੌਰ ਬਾਦਲ, ਡਾ. ਧਰਮਵੀਰ ਗਾਂਧੀ, ਮਾਲਵਿੰਦਰ ਸਿੰਘ ਕੰਗ, ਗੁਰਮੀਤ ਸਿੰਘ ਮੀਤ ਹੇਅਰ ਤੇ ਰਾਜ ਕੁਮਾਰ ਚੱਬੇਵਾਲ ਨੇ ਹਲਫ਼ ਲਿਆ। ਸਾਰਿਆਂ ਨੇ ਪੰਜਾਬੀ ਵਿਚ ਆਪਣੀ ਸਹੁੰ ਚੁੱਕੀ। ਪੰਜਾਬ ਤੋਂ 13 ਲੋਕ ਸਭਾ ਮੈਂਬਰ ਚੁਣੇ ਗਏ ਹਨ ਤੇ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਹਨ। ਉਹ ਡਿਬਰੂਗੜ੍ਹ ਜੇਲ੍ਹ ’ਚ ਹਨ।
ਦਸ ਦਇਏ ਕਿ ਪੰਜਾਬ ਦੇ 13 ਵਿੱਚੋਂ 12 ਸੰਸਦ ਮੈਂਬਰਾਂ ਨੇ 18ਵੀਂ ਲੋਕ ਸਭਾ ਲਈ ਸਹੁੰ ਚੁੱਕੀ। ਖਡੂਰ ਸਾਹਿਬ ਤੋਂ ਜਿੱਤੇ ਅੰਮ੍ਰਿਤਪਾਲ ਸਿੰਘ ਅੱਜ ਸਹੁੰ ਨਹੀਂ ਚੁੱਕ ਸਕੇ ਕਿਉਂਕਿ ਉਹ ਕੌਮੀ ਸੁਰੱਖਿਆ ਐਕਟ ਤਹਿਤ ਜੇਲ੍ਹ ਵਿੱਚ ਹਨ। ਪੰਜਾਬ ਦੇ ਸਾਰੇ 13 ਸੰਸਦ ਮੈਂਬਰਾਂ ਨੂੰ ਮੰਗਲਵਾਰ ਬਾਅਦ ਦੁਪਹਿਰ ਸੰਸਦ ਵਿੱਚ ਸਮਾ ਦਿੱਤਾ ਗਿਆ ਸੀ।
ਸਭ ਤੋਂ ਪਹਿਲਾਂ ਗੁਰਦਾਸਪੁਰ ਤੋਂ ਜੇਤੂ ਰਹੇ ਸੁਖਜਿੰਦਰ ਸਿੰਘ ਰੰਧਾਵਾ ਨੇ ਸਹੁੰ ਚੁੱਕੀ। ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਗੁਰਜੀਤ ਸਿੰਘ ਔਜਲਾ ਨੇ ਸਹੁੰ ਚੁੱਕੀ। ਗੁਰਜੀਤ ਔਜਲਾ ਨੇ ਸੰਵਿਧਾਨ ਹੱਥ ਵਿੱਚ ਫੜ ਕੇ ਸਹੁੰ ਚੁੱਕੀ। ਅੰਤ ਵਿੱਚ ਉਨ੍ਹਾਂ ਜੈ ਜਵਾਨ, ਜੈ ਕਿਸਾਨ ਅਤੇ ਜੈ ਸੰਵਿਧਾਨ ਦੇ ਨਾਅਰੇ ਵੀ ਲਾਏ। ਅੰਮ੍ਰਿਤਪਾਲ ਸਿੰਘ ਦਾ ਨਾਂ ਲਿਆ ਗਿਆ, ਪਰ ਉਹ ਹਾਜ਼ਰ ਨਹੀਂ ਹੋਏ।
ਗੁਰਜੀਤ ਔਜਲਾ ਵੱਲੋਂ ਸਹੁੰ ਚੁੱਕਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦਾ ਨਾਂ ਲਿਆ ਗਿਆ ਪਰ ਜੇਲ੍ਹ ਵਿੱਚ ਹੋਣ ਕਾਰਨ ਉਹ ਸੰਸਦ ਵਿੱਚ ਮੌਜੂਦ ਨਹੀਂ ਸਨ। ਜਿਸ ਕਾਰਨ ਅੱਜ ਉਨ੍ਹਾਂ ਨੂੰ ਸਹੁੰ ਨਹੀਂ ਚੁਕਾਈ ਗਈ। ਇਸ ਤੋਂ ਬਾਅਦ ਜਲੰਧਰ ਦੇ ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਹੁੰ ਚੁੱਕੀ।
ਹਿੰਦੂਸਥਾਨ ਸਮਾਚਾਰ