London: ਵਿਕੀਲੀਕਸ ਸੰਸਥਾਪਕ ਜੂਲੀਅਨ ਅਸਾਂਜੇ ਨੂੰ ਬ੍ਰਿਟਿਸ਼ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਵਿਕੀਲੀਕਸ ਨੇ ਸੋਸ਼ਲ ਮੀਡੀਆ ‘ਤੇ ਜੂਲੀਅਨ ਅਸਾਂਜੇ ਦੀ ਸੋਮਵਾਰ ਸ਼ਾਮ ਨੂੰ ਲੰਡਨ ਦੇ ਸਟੈਨਸਟੇਡ ਏਅਰਪੋਰਟ ‘ਤੇ ਫਲਾਈਟ ‘ਚ ਸਵਾਰ ਹੋਣ ਦੀ ਵੀਡੀਓ ਸ਼ੇਅਰ ਕੀਤੀ ਹੈ। ਲੰਡਨ ਦੇ ਅਖਬਾਰ ‘ਦਿ ਗਾਰਡੀਅਨ’ ਨੇ ਆਪਣੀ ਰਿਪੋਰਟ ‘ਚ ਇਸ ਘਟਨਾਕ੍ਰਮ ‘ਤੇ ਵਿਸਥਾਰ ਨਾਲ ਚਰਚਾ ਕੀਤੀ ਹੈ।
ਸੋਮਵਾਰ ਰਾਤ ਜਾਰੀ ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ, 52 ਸਾਲਾਂ ਅਸਾਂਜੇ ਅਮਰੀਕੀ ਅਦਾਲਤ ਵਿੱਚ ਆਪਣੀ ਆਜ਼ਾਦੀ ਦੇ ਬਦਲੇ ਫੌਜੀ ਭੇਦ ਜ਼ਾਹਰ ਕਰਨ ਦਾ ਦੋਸ਼ੀ ਮੰਨਣ ਲਈ ਸਹਿਮਤ ਹੋ ਗਏ ਹਨ। ਯੂਐਸ ਮਾਰੀਆਨਾ ਟਾਪੂ ਦੀ ਅਦਾਲਤ ਵਿੱਚ ਦਾਇਰ ਕੀਤੇ ਗਏ ਦਸਤਾਵੇਜ਼ਾਂ ਦੇ ਅਨੁਸਾਰ, ਅਸਾਂਜੇ ਰਾਸ਼ਟਰੀ ਰੱਖਿਆ ਜਾਣਕਾਰੀ ਪ੍ਰਾਪਤ ਕਰਨ ਅਤੇ ਪ੍ਰਸਾਰਿਤ ਕਰਨ ਦੀ ਸਾਜ਼ਿਸ਼ ਦੇ ਇੱਕ ਮਾਮਲੇ ’ਚ ਦੋਸ਼ੀ ਠਹਿਰਾਏ ਜਾਣਗੇ।
ਵਿਕੀਲੀਕਸ ਨੇ ਮੰਗਲਵਾਰ ਸਵੇਰੇ ਬ੍ਰਿਟਿਸ਼ ਸਮੇਂ ’ਤੇ ਜਾਣਕਾਰੀ ਦਿੱਤੀ ਹੈ ਕਿ ‘ਜੂਲੀਅਨ ਅਸਾਂਜੇ ਆਜ਼ਾਦ ਹਨ’ ਅਤੇ ਉਨ੍ਹਾਂ ਨੂੰ ਬ੍ਰਿਟੇਨ ਛੱਡ ਗਿਆ ਹੈ। ਉਨ੍ਹਾਂ ਦੇ ਸਥਾਨਕ ਸਮੇਂ ਅਨੁਸਾਰ ਬੁੱਧਵਾਰ ਦੀ ਸਵੇਰ ਨੂੰ ਯੂਐਸ ਖੇਤਰ ਵਿੱਚ ਪਹੁੰਚਣ ਦੀ ਉਮੀਦ ਹੈ। ਜੂਲੀਅਨ ਅਸਾਂਜੇ ’ਤੇ ਜਾਸੂਸੀ ਦੇ 17 ਦੋਸ਼ ਅਤੇ ਲਗਭਗ 15 ਸਾਲ ਪਹਿਲਾਂ ਉਨ੍ਹਾਂ ਦੀ ਵੈੱਬਸਾਈਟ ’ਤੇ ਅਮਰੀਕੀ ਦਸਤਾਵੇਜ਼ਾਂ ਦੇ ਪ੍ਰਕਾਸ਼ਨ ਨੂੰ ਲੈ ਕੇ ਕੰਪਿਊਟਰ ਦੀ ਦੁਰਵਰਤੋਂ ਦਾ ਦੋਸ਼ ਲਗਾਇਆ ਗਿਆ ਸੀ।
ਆਸਟ੍ਰੇਲੀਆਈ ਮੂਲ ਦੇ ਅਸਾਂਜੇ ਨੇ ਲੰਡਨ ਵਿਚ ਇਕਵਾਡੋਰ ਦੇ ਦੂਤਾਵਾਸ ਵਿਚ ਸੱਤ ਸਾਲ ਸ਼ਰਨ ਲੈਣ ਤੋਂ ਬਾਅਦ ਪਿਛਲੇ ਪੰਜ ਸਾਲ ਬ੍ਰਿਟਿਸ਼ ਜੇਲ ਵਿਚ ਬਿਤਾਏ। ਅਮਰੀਕੀ ਅਧਿਕਾਰੀ ਚਾਹੁੰਦੇ ਸਨ ਕਿ ਅਸਾਂਜੇ ਨੂੰ ਵਿਕੀਲੀਕਸ ‘ਤੇ ਹਜ਼ਾਰਾਂ ਕਲਾਸੀਫਾਈਡ ਦਸਤਾਵੇਜ਼ ਪ੍ਰਕਾਸ਼ਤ ਕਰਕੇ ਕਥਿਤ ਤੌਰ ‘ਤੇ ਲੋਕਾਂ ਦੀਆਂ ਜਾਨਾਂ ਨੂੰ ਖ਼ਤਰੇ ਵਿਚ ਪਾਉਣ ਲਈ ਮੁਕੱਦਮੇ ਦਾ ਸਾਹਮਣਾ ਕਰਨਾ ਪੜ੍ਹੇ, ਜਦੋਂ ਕਿ ਬਚਾਅ ਪੱਖ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਅਸਾਂਜੇ ਵਿਰੁੱਧ ਕੇਸ ਰਾਜਨੀਤੀ ਤੋਂ ਪ੍ਰੇਰਿਤ ਹੈ। ਅਸਾਂਜੇ ਨੂੰ 62 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਜਾਵੇਗੀ, ਜੋ ਬ੍ਰਿਟਿਸ਼ ਦੀ ਜੇਲ੍ਹ ਵਿਚ ਬਿਤਾਈ ਗਈ ਪੰਜ ਸਾਲ ਦੀ ਸਜ਼ਾ ਦੇ ਆਧਾਰ ‘ਤੇ ਪੂਰੀ ਮੰਨੀ ਜਾਵੇਗੀ। ਇਸਦਾ ਮਤਲਬ ਹੈ ਕਿ ਉਹ ਆਪਣੇ ਮੂਲ ਦੇਸ਼ ਆਸਟ੍ਰੇਲੀਆ ਪਰਤ ਸਕਦੇ ਹਨ।
ਹਿੰਦੂਸਥਾਨ ਸਮਾਚਾਰ