Imphal: ਮਣੀਪੁਰ ਵਿੱਚ ਵਿਗੜਦੇ ਹਾਲਾਤਾਂ ਦੇ ਮੱਦੇਨਜ਼ਰ ਵੱਡੀ ਗਿਣਤੀ ਵਿੱਚ ਵਾਧੂ ਕੇਂਦਰੀ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤਾਇਨਾਤੀ ਦਾ ਸਥਾਨਕ ਲੋਕ ਵਿਰੋਧ ਕਰ ਰਹੇ ਹਨ। ਇਸਦੇ ਬਾਵਜੂਦ ਸੁਰੱਖਿਆ ਬਲਾਂ ਦੀ ਮੁਹਿੰਮ ਜਾਰੀ ਹੈ। ਇਸੇ ਮੁਹਿੰਮ ਵਿਚ ਸੁਰੱਖਿਆ ਬਲਾਂ ਨੇ ਇਕ ਬੰਕਰ ਨੂੰ ਢਹਿ ਢੇਰੀ ਕਰਦੇ ਹੋਏ ਇੰਫਾਲ ਪੱਛਮੀ ਜ਼ਿਲ੍ਹੇ ਦੇ ਕਡਾਂਗਬੰਦ ਤੋਂ ਵੱਡੀ ਮਾਤਰਾ ਵਿਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ।
ਮਣੀਪੁਰ ਪੁਲਿਸ ਨੇ ਅੱਜ ਦੱਸਿਆ ਕਿ ਪਹਾੜੀ ਅਤੇ ਘਾਟੀ ਜ਼ਿਲ੍ਹਿਆਂ ਦੇ ਸਰਹੱਦੀ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਸੁਰੱਖਿਆ ਬਲਾਂ ਵੱਲੋਂ ਤਲਾਸ਼ੀ ਮੁਹਿੰਮ ਜਾਰੀ ਹੈ। ਮੁਹਿੰਮ ਦੌਰਾਨ ਇੰਫਾਲ ਪੱਛਮੀ ਜ਼ਿਲ੍ਹੇ ਦੇ ਕਡਾਂਗਬੰਦ ਤੋਂ ਇੱਕ ਹੈਕਲਰ ਐਂਡ ਕੋਚ ਅਸਾਲਟ ਰਾਈਫਲ, ਇੱਕ ਐਸਐਲਆਰ, ਇੱਕ ਕਾਰਬਾਈਨ, ਤਿੰਨ .32 ਪਿਸਤੌਲ, ਇੱਕ 9 ਐਮਐਮ ਪਿਸਤੌਲ ਅਤੇ 12 ਇੰਚ ਦੀਆਂ ਤਿੰਨ ਸਿੰਗਲ ਬੈਰਲ ਗਨ ਬਰਾਮਦ ਕੀਤੀਆਂ। ਅਪਰੇਸ਼ਨ ਦੌਰਾਨ, ਸੁਰੱਖਿਆ ਬਲਾਂ ਨੇ ਇੰਫਾਲ ਪੱਛਮੀ ਜ਼ਿਲ੍ਹੇ ਦੇ ਕਡਾਂਗਬੰਦ ਵਿੱਚ ਇੱਕ ਗੈਰ-ਕਾਨੂੰਨੀ ਬੰਕਰ ਨੂੰ ਢਹਿ ਢੇਰੀ ਕਰ ਦਿੱਤਾ।
ਹਿੰਦੂਸਥਾਨ ਸਮਾਚਾਰ