Hoshiarpur: ਪੰਜਾਬ ਵਕਫ਼ ਬੋਰਡ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲਗਾਤਾਰ ਵਧੀਆ ਕੰਮ ਕਰ ਰਿਹਾ ਹੈ। ਪੰਜਾਬ ਵਕਫ਼ ਬੋਰਡ ਨੇ ਪਿਛਲੇ ਦੋ ਸਾਲਾਂ ਵਿਚ ਕਈ ਇਤਿਹਾਸਕ ਕੰਮ ਕੀਤੇ ਹਨ। ਇਸ ਦੇ ਲਈ ਮੁਸਲਿਮ ਭਾਈਚਾਰਾ ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰ ਰਿਹਾ ਹੈ, ਜਿਨ੍ਹਾਂ ਨੇ ਪੰਜਾਬ ਪੁਲਿਸ ਦੇ ਏ.ਡੀ.ਜੀ.ਪੀ ਐਮ.ਐਫ ਫਾਰੂਕੀ ਨੂੰ ਵਕਫ਼ ਬੋਰਡ ਦਾ ਪ੍ਰਸ਼ਾਸਕ ਨਿਯੁਕਤ ਕੀਤਾ ਹੈ। ਹੁਸ਼ਿਆਰਪੁਰ ‘ਚ ਮੁਸਲਿਮ ਭਾਈਚਾਰੇ ਦੇ ਕਬਰਿਸਤਾਨ ਦੀ ਲੋੜ ਨੂੰ ਪੂਰਾ ਕਰਦੇ ਹੋਏ ਏ.ਡੀ.ਜੀ.ਪੀ ਐੱਮ.ਐੱਫ਼ ਫਾਰੂਕੀ ਵੱਲੋਂ ਦੋ ਵੱਡੇ ਕਬਰਿਸਤਾਨਾਂ ਨੂੰ ਰਾਖਵਾਂ ਕੀਤਾ ਗਿਆ ਹੈ, ਜਿਸ ਕਾਰਨ ਮੁਸਲਿਮ ਭਾਈਚਾਰੇ ‘ਚ ਖੁਸ਼ੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਨੂੰ ਦਫ਼ਨਾਉਣ ਲਈ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਜਾਣਾ ਪੈਂਦਾ ਸੀ, ਪਰ ਹਾਲ ਹੀ ਵਿੱਚ ਲੋਕਾਂ ਨੇ ਇਸ ਸਬੰਧੀ ਪੰਜਾਬ ਵਕਫ਼ ਬੋਰਡ ਨੂੰ ਲਿਖਤੀ ਮੰਗ ਪੱਤਰ ਸੌਂਪਿਆ ਸੀ, ਜਿਸ ’ਤੇ ਪ੍ਰਵਾਨਗੀ ਦਿੱਤੀ ਗਈ ਹੈ। ਏ.ਡੀ.ਜੀ.ਪੀ ਐਮ.ਐਫ ਫਾਰੂਕੀ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਮੁਕੇਰੀਆਂ ਦੇ ਪਿੰਡ ਬੁੱਢਾਬੜ ਵਿਚ ਕਰੀਬ 7 ਕਨਾਲ 7 ਮਰਲੇ ਦਾ ਕਬਰਿਸਤਾਨ ਅਤੇ 10 ਕਨਾਲਾਂ ਦਾ ਵੱਡਾ ਕਬਰਿਸਤਾਨ ਪਿੰਡ ਪੰਡੋਰੀ ਮੋਇਲ ਵਿਚ ਰਾਖਵਾਂ ਕੀਤਾ ਗਿਆ ਹੈ।
ਏ.ਡੀ.ਜੀ.ਪੀ ਐਮ.ਐਫ ਫਾਰੂਕੀ ਨੇ ਕਿਹਾ ਕਿ ਪੰਜਾਬ ਵਕਫ਼ ਬੋਰਡ ਪਾਰਦਰਸ਼ਤਾ ਨਾਲ ਕੰਮ ਕਰਕੇ ਲਗਾਤਾਰ ਅੱਗੇ ਵੱਧ ਰਿਹਾ ਹੈ। ਪੰਜਾਬ ਵਕਫ਼ ਬੋਰਡ ਦੀ ਪਹਿਲੀ ਤਰਜੀਹ ਲੋਕਾਂ ਨੂੰ ਕਬਰਿਸਤਾਨ ਮੁਹੱਈਆ ਕਰਵਾਉਣਾ ਹੈ, ਇਸ ਤੋਂ ਇਲਾਵਾ ਮਸਜਿਦਾਂ, ਇਸਲਾਮਿਕ ਸਕੂਲਾਂ, ਮੁੱਖ ਸਕੂਲਾਂ ਅਤੇ ਹਸਪਤਾਲਾਂ ਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ ਹੈ, ਜਿਸ ਦਾ ਸਿੱਧਾ ਲਾਭ ਪੰਜਾਬ ਦੇ ਆਮ ਲੋਕਾਂ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਕਫ਼ ਬੋਰਡ ਮੁਸਲਿਮ ਭਾਈਚਾਰੇ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੰਮ ਕਰ ਰਿਹਾ ਹੈ। ਲੋਕ ਕਬਰਿਸਤਾਨਾਂ, ਮਸਜਿਦਾਂ, ਸਕੂਲਾਂ ਅਤੇ ਹੋਰ ਸ਼ਿਕਾਇਤਾਂ ਸਬੰਧੀ ਬੁੱਧਵਾਰ ਅਤੇ ਵੀਰਵਾਰ ਨੂੰ ਪੀ.ਏ.ਪੀ ਹੈੱਡਕੁਆਰਟਰ ਵਿਖੇ ਮਿਲ ਸਕਦੇ ਹਨ। ਇਸ ਤੋਂ ਇਲਾਵਾ ਜਮੀਲ ਅਹਿਮਦ 9877522568 ‘ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਵਕਫ਼ ਬੋਰਡ ਹੁਣ ਸੋਸ਼ਲ ਮੀਡੀਆ ‘ਤੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਲਗਾਤਾਰ ਸੁਣ ਰਿਹਾ ਹੈ।
ਹਿੰਦੂਸਥਾਨ ਸਮਾਚਾਰ