18th Lok Sabha’s first session: 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੈ। ਜੋ ਕਿ ਅ੍ਰਜ ਯਾਨੀ ਸੋਮਵਾਰ ਤੋਂ ਸ਼ੁਰੂ ਹੋ ਕੇ 3 ਜੁਲਾਈ ਤੱਕ ਚੱਲੇਗਾ। ਸੈਸ਼ਨ ਦੇ ਪਹਿਲੇ ਦੋ ਦਿਨ ਨਵੇਂ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ। ਬੁੱਧਵਾਰ ਨੂੰ ਨਵੇਂ ਲੋਕ ਸਭਾ ਸਪੀਕਰ ਦੀ ਚੋਣ ਹੋਵੇਗੀ। ਵੀਰਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ।
ਸੋਮਵਾਰ ਨੂੰ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ, ਰਾਸ਼ਟਰਪਤੀ ਮੁਰਮੂ ਰਾਸ਼ਟਰਪਤੀ ਭਵਨ ਵਿੱਚ ਭਰਤਰਿਹਰੀ ਮਹਿਤਾਬ ਨੂੰ ਪ੍ਰੋਟੇਮ ਸਪੀਕਰ ਵਜੋਂ ਅਹੁਦੇ ਦੀ ਸਹੁੰ ਚੁਕਾਉਣਗੇ। ਮਹਿਤਾਬ ਸਵੇਰੇ 11 ਵਜੇ ਸੰਸਦ ਭਵਨ ਪਹੁੰਚਣਗੇ ਅਤੇ ਸਦਨ ਦਾ ਸੰਚਾਲਨ ਸ਼ੁਰੂ ਕਰਨਗੇ। ਸਮਾਗਮ ਦੀ ਸ਼ੁਰੂਆਤ ਮ੍ਰਿਤਕ ਮੈਂਬਰਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਮਿੰਟ ਦਾ ਮੌਨ ਧਾਰ ਕੇ ਕੀਤੀ ਜਾਵੇਗੀ।
ਸੈਸ਼ਨ ਦੇ ਪਹਿਲੇ ਦਿਨ ਵਿਰੋਧੀ ਧਿਰ ਵੱਲੋਂ ਹੰਗਾਮਾ ਹੋਣ ਦੇ ਆਸਾਰ ਹਨ। ਵਿਰੋਧੀ ਧਿਰ ਨੇ ਪ੍ਰੋਟੈਮ ਸਪੀਕਰ ਦੀ ਨਿਯੁਕਤੀ ਤੋਂ ਇਲਾਵਾ ਮੁਕਾਬਲੇ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦੇ ਮਾਮਲੇ ਵਿੱਚ ਵੀ ਸਰਕਾਰ ਨੂੰ ਘੇਰਨ ਦੀ ਰਣਨੀਤੀ ਬਣਾਈ ਹੈ। ਕਾਂਗਰਸ ਮੁਤਾਬਕ ਉਸਦੇ ਸੰਸਦ ਮੈਂਬਰ ਕੇ ਸੁਰੇਸ਼ ਸੀਨੀਆਰਤਾ ਦੇ ਆਧਾਰ ‘ਤੇ ਪ੍ਰੋਟੇਮ ਸਪੀਕਰ ਦੇ ਅਹੁਦੇ ਲਈ ਮਜ਼ਬੂਤ ਦਾਅਵੇਦਾਰ ਹਨ। ਜਦੋਂ ਕਿ ਸਰਕਾਰ ਦਾ ਕਹਿਣਾ ਹੈ ਕਿ ਮਹਿਤਾਬ ਮੌਜੂਦਾ ਲੋਕ ਸਭਾ ‘ਚ ਬਿਨਾਂ ਹਾਰੇ ਤੋਂ ਲਗਾਤਾਰ ਲੰਬੇ ਸਮੇਂ ਤੱਕ ਸੰਸਦ ਮੈਂਬਰ ਵਜੋਂ ਸੇਵਾ ਨਿਭਾਉਣ ਦੇ ਮਾਮਲੇ ‘ਚ ਸਭ ਤੋਂ ਸੀਨੀਅਰ ਹਨ।
ਰਾਸ਼ਟਰਪਤੀ ਮੁਰਮੂ 27 ਜੂਨ ਨੂੰ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ। ਰਾਸ਼ਟਰਪਤੀ ਦੇ ਸੰਬੋਧਨ ‘ਤੇ 28 ਜੂਨ ਅਤੇ 1 ਜੁਲਾਈ ਨੂੰ ਲੋਕ ਸਭਾ ਅਤੇ ਰਾਜ ਸਭਾ ‘ਚ ਚਰਚਾ ਹੋਵੇਗੀ। ਪ੍ਰਧਾਨ ਮੰਤਰੀ 2 ਜੁਲਾਈ ਨੂੰ ਲੋਕ ਸਭਾ ਅਤੇ 3 ਜੁਲਾਈ ਨੂੰ ਰਾਜ ਸਭਾ ਵਿੱਚ ਚਰਚਾ ਦਾ ਜਵਾਬ ਦੇਣਗੇ। ਇਸ ਤੋਂ ਬਾਅਦ ਦੋਵੇਂ ਸਦਨਾਂ ਨੂੰ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਜਾਵੇਗਾ। ਸੈਸ਼ਨ 22 ਜੁਲਾਈ ਤੋਂ ਮੁੜ ਸ਼ੁਰੂ ਹੋਵੇਗਾ, ਜਿਸ ਵਿੱਚ ਕੇਂਦਰੀ ਬਜਟ ਪੇਸ਼ ਕੀਤਾ ਜਾਵੇਗਾ।
ਹਿੰਦੂਸਥਾਨ ਸਮਾਚਾਰ