New Delhi: ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਜੋ ਆਪਣੇ ਦੋ ਦਿਨਾਂ ਦੌਰੇ ‘ਤੇ ਭਾਰਤ ਪਹੁੰਚੀ ਹਨ, ਦਾ ਸ਼ਨੀਵਾਰ ਨੂੰ ਰਾਸ਼ਟਰਪਤੀ ਭਵਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿੱਘਾ ਸਵਾਗਤ ਕੀਤਾ। ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐਨਡੀਏ) ਦੀ ਲਗਾਤਾਰ ਤੀਜੀ ਵਾਰ ਸਰਕਾਰ ਬਣਨ ਤੋਂ ਬਾਅਦ ਭਾਰਤ ਦਾ ਦੌਰਾ ਕਰਨ ਵਾਲੀ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਪਹਿਲੀ ਵਿਦੇਸ਼ੀ ਨੇਤਾ ਹਨ।
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਵੇਂ ਹੀ ਰਾਸ਼ਟਰਪਤੀ ਭਵਨ ਪਹੁੰਚੀ ਤਾਂ ਵਿਹੜੇ ਵਿੱਚ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਦੋਵਾਂ ਦੇਸ਼ਾਂ ਦੇ ਮੰਤਰੀਆਂ ਅਤੇ ਪ੍ਰਤੀਨਿਧੀਆਂ ਨਾਲ ਵੀ ਮੁਲਾਕਾਤ ਕੀਤੀ। ਸਵਾਗਤ ਤੋਂ ਬਾਅਦ ਹਸੀਨਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਲਈ ਰਾਜਘਾਟ ਰਵਾਨਾ ਹੋਈ।
ਪ੍ਰਧਾਨ ਮੰਤਰੀ ਸ਼ੇਖ ਹਸੀਨਾ ਹੈਦਰਾਬਾਦ ਹਾਊਸ ‘ਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਉਨ੍ਹਾਂ ਦੇ ਸਨਮਾਨ ‘ਚ ਆਯੋਜਿਤ ਦਾਅਵਤ ‘ਚ ਸ਼ਿਰਕਤ ਵੀ ਕਰੇਗੀ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਿਨ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਵੀ ਮੁਲਾਕਾਤ ਕਰੇਗੀ।
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ੁੱਕਰਵਾਰ ਸ਼ਾਮ ਨੂੰ ਹਸੀਨਾ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਮੀਟਿੰਗ ਤੋਂ ਬਾਅਦ ਕਿਹਾ, “ਉਨ੍ਹਾਂ ਦੀ ਭਾਰਤ ਦੀ ਸਰਕਾਰੀ ਯਾਤਰਾ ਸਾਡੇ ਨਜ਼ਦੀਕੀ ਅਤੇ ਸਥਾਈ ਸਬੰਧਾਂ ਨੂੰ ਦਰਸਾਉਂਦੀ ਹੈ। ਅਸੀਂ ਸਾਡੀ ਵਿਸ਼ੇਸ਼ ਭਾਈਵਾਲੀ ਦੇ ਹੋਰ ਵਿਕਾਸ ਲਈ ਉਨ੍ਹਾਂ ਦੇ ਮਾਰਗਦਰਸ਼ਨ ਦੀ ਸ਼ਲਾਘਾ ਕਰਦੇ ਹਾਂ।”
ਰਸਮੀ ਸਵਾਗਤ ‘ਤੇ ਟਿੱਪਣੀ ਕਰਦੇ ਹੋਏ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਐਕਸ ‘ਤੇ ਲਿਖਿਆ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵਿੱਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਦੁਵੱਲੇ ਰਾਜ ਦੌਰੇ ‘ਤੇ ਪਹਿਲੀ ਮਹਿਮਾਨ ਵਜੋਂ ਰਾਸ਼ਟਰਪਤੀ ਭਵਨ ਦੇ ਵਿਹੜੇ ਵਿੱਚ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਸੁਆਗਤ।’’
ਰਾਜਘਾਟ ‘ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਵਾਲੀ ਹਸੀਨਾ ਦੀਆਂ ਝਲਕੀਆਂ ਸਾਂਝੀਆਂ ਕਰਦੇ ਹੋਏ ਜੈਸਵਾਲ ਨੇ ਲਿਖਿਆ, “ਬਾਪੂ ਨੂੰ ਦਿਲੋਂ ਸ਼ਰਧਾਂਜਲੀ! ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਰਾਜਘਾਟ ‘ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਮਹਾਤਮਾ ਦੇ ਆਦਰਸ਼ ਸਾਡੇ ਨਜ਼ਦੀਕੀ ਅਤੇ ਸੁਹਿਰਦ ਸਬੰਧਾਂ ਦੇ ਮਾਰਗਦਰਸ਼ਕ ਵਜੋਂ ਕੰਮ ਕਰਦੇ ਰਹਿਣਗੇ।”
ਹੈਦਰਾਬਾਦ ਹਾਊਸ ਵਿੱਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਹਸੀਨਾ ਦੀ ਮੇਜ਼ਬਾਨੀ ਕਰਨ ਬਾਰੇ ਅਪਡੇਟ ਸਾਂਝਾ ਕਰਦੇ ਹੋਏ, ਮੰਤਰਾਲੇ ਨੇ ਲਿਖਿਆ, “ਪੀਐੱਮ@ਨਰਿੰਦਰ ਮੋਦੀ ਨੇ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਦੋ-ਪੱਖੀ ਰਾਜ ਯਾਤਰਾ ਦੀ ਪਹਿਲੇ ਮਹਿਮਾਨ ਵਜੋਂ ਰਾਸ਼ਟਰਪਤੀ ਭਵਨ ਦੇ ਵਿਹੜੇ ਵਿੱਚ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਸਵਾਗਤ ਕੀਤਾ।”
ਹਿੰਦੂਸਥਾਨ ਸਮਾਚਾਰ