Tamil Nadu Hooch Tragedy: ਤਾਮਿਲਨਾਡੂ ਦੇ ਕੱਲਾਕੁਰੀਚੀ ਜ਼ਿਲ੍ਹੇ ਦੇ ਕਰੁਣਾਪੁਰਮ ‘ਚ ਜ਼ਹਿਰੀਲੀ ਸ਼ਰਾਬ ਦੇ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 53 ਤੱਕ ਪਹੁੰਚ ਗਈ ਹੈ। ਪੀੜਤਾਂ ਵਿੱਚ ਚਾਰ ਔਰਤਾਂ ਅਤੇ ਇੱਕ ਟਰਾਂਸਪਰਸਨ ਸ਼ਾਮਲ ਹੈ। ਬੁੱਧਵਾਰ ਨੂੰ ਹੋਈ ਇਸ ਘਟਨਾ ਤੋਂ ਬਾਅਦ ਵਿਰੋਧੀ ਧਿਰ ਸੂਬੇ ਦੀ ਸਟਾਲਿਨ ਸਰਕਾਰ ਖਿਲਾਫ ਇਕਜੁੱਟ ਹੋ ਕੇ ਸਾਹਮਣੇ ਆ ਗਈ ਹੈ। ਵਿਰੋਧੀ ਧਿਰ ਨੇ ਇਸ ਘਟਨਾ ਨੂੰ ਲੈ ਕੇ ਸਦਨ ਦੇ ਅੰਦਰ ਅਤੇ ਬਾਹਰ ਆਵਾਜ਼ ਉਠਾਈ ਹੈ।
ਤਾਮਿਲਨਾਡੂ ਦੀ ਕੱਲਾਕੁਰੀਚੀ ਸ਼ਰਾਬ ਤ੍ਰਾਸਦੀ ‘ਚ ਸ਼ੁੱਕਰਵਾਰ ਰਾਤ ਜ਼ਹਿਰੀਲੀ ਸ਼ਰਾਬ ਕਾਰਨ ਤਿੰਨ ਹੋਰ ਲੋਕਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 53 ਹੋ ਗਈ ਹੈ। ਸ਼ੁੱਕਰਵਾਰ ਰਾਤ ਨੂੰ ਮਰਨ ਵਾਲੇ ਜ਼ਿਆਦਾਤਰ ਲੋਕ ਕਰੁਣਾਪੁਰਮ ਦੇ ਰਹਿਣ ਵਾਲੇ ਸਨ।
ਜਾਣਕਾਰੀ ਅਨੁਸਾਰ ਸਰਕਾਰੀ ਕੱਲਾਕੁਰੀਚੀ ਮੈਡੀਕਲ ਕਾਲਜ ਹਸਪਤਾਲ ‘ਚ ਇਲਾਜ ਅਧੀਨ ਜ਼ਹਿਰੀਲੀ ਸ਼ਰਾਬ ਦੇ 29 ਪੀੜਤਾਂ ਦੀ ਮੌਤ ਹੋਈ ਹੈ। ਜਦੋਂ ਕਿ ਸੇਲਮ ਦੇ ਸਰਕਾਰੀ ਮੋਹਨ ਕੁਮਾਰਮੰਗਲਮ ਮੈਡੀਕਲ ਕਾਲਜ ਹਸਪਤਾਲ ਵਿੱਚ 17, ਸਰਕਾਰੀ ਵਿਲੂਪੁਰਮ ਮੈਡੀਕਲ ਕਾਲਜ ਹਸਪਤਾਲ ਵਿੱਚ 4 ਅਤੇ ਪੁੱਡੂਚੇਰੀ ਦੇ ਜਵਾਹਰ ਲਾਲ ਇੰਸਟੀਚਿਊਟ ਆਫ਼ ਪੋਸਟ ਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਜਿਪਮੇਰ) ਵਿੱਚ 3 ਲੋਕਾਂ ਦੀ ਮੌਤ ਹੋਈ ਹੈ। ਸ਼ਰਾਬ ਕਾਂਡ ਦੇ ਕੁੱਲ 141 ਹੋਰ ਪੀੜਤ, ਪੰਜ ਔਰਤਾਂ ਸਮੇਤ, ਸਰਕਾਰੀ ਕੱਲਾਕੁਰਿਚੀ ਮੈਡੀਕਲ ਕਾਲਜ ਹਸਪਤਾਲ ਅਤੇ ਪੁਡੂਚੇਰੀ ਦੇ ਸਲੇਮ, ਵਿੱਲੂਪੁਰਮ ਅਤੇ ਜੇਆਈਪੀਐੱਮਈਆਰ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ।
ਜ਼ਿਕਰਯੋਗ ਹੈ ਕਿ ਬੁੱਧਵਾਰ ਰਾਤ ਜ਼ਹਿਰੀਲੀ ਸ਼ਰਾਬ ਪੀਣ ਵਾਲੇ ਲੋਕਾਂ ਨੂੰ ਸਾਹ ਲੈਣ ‘ਚ ਤਕਲੀਫ, ਅੰਨ੍ਹੇਪਣ ਅਤੇ ਸਰੀਰ ‘ਚ ਤੇਜ਼ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਿੱਥੇ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਘਟਨਾ ਨੂੰ ਲੈ ਕੇ ਸੂਬੇ ਦੀ ਸਟਾਲਿਨ ਸਰਕਾਰ ਸਵਾਲਾਂ ਦੇ ਘੇਰੇ ਵਿਚ ਹੈ। ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਸਟਾਲਿਨ ਨੂੰ ਇਨ੍ਹਾਂ ਮੌਤਾਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਭਾਜਪਾ ਤਾਮਿਲਨਾਡੂ ਦੇ ਪ੍ਰਧਾਨ ਅੰਨਾਮਲਾਈ ਨੇ ਇਸ ਘਟਨਾ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਘਟਨਾ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।
ਹਿੰਦੂਸਥਾਨ ਸਮਾਚਾਰ