Kallakurichi Hooch Tragedy: ਤਾਮਿਲਨਾਡੂ ਦੇ ਕੱਲਾਕੁਰੀਚੀ ਜ਼ਿਲ੍ਹੇ ਦੇ ਕਰੁਣਾਪੁਰਮ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਵੀਰਵਾਰ ਰਾਤ ਨੂੰ 8 ਹੋਰ ਲੋਕਾਂ ਦੀ ਮੌਤ ਹੋ ਜਾਣ ਕਾਰਨ ਜ਼ਹਿਰੀਲੀ ਸ਼ਰਾਬ ਤ੍ਰਾਸਦੀ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 47 ਹੋ ਗਈ ਹੈ। ਪੀੜਤਾਂ ਵਿੱਚ ਚਾਰ ਔਰਤਾਂ ਅਤੇ ਇੱਕ ਟ੍ਰਾਂਸਪਰਸਨ ਸ਼ਾਮਲ ਹੈ। ਜ਼ਿਆਦਾਤਰ ਪੀੜਤ ਕਰੁਣਾਪੁਰਮ ਦੇ ਹਨ।
ਘਟਨਾ ਦੇ 100 ਤੋਂ ਵੱਧ ਪੀੜਤਾਂ ਦਾ ਕੱਲਾਕੁਰੀਚੀ ਸਰਕਾਰੀ ਮੈਡੀਕਲ ਕਾਲਜ ਅਤੇ ਹੋਰ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਸਾਰਿਆਂ ਨੂੰ ਸਾਹ ਲੈਣ ਵਿੱਚ ਤਕਲੀਫ਼, ਅੰਨ੍ਹੇਪਣ ਅਤੇ ਸਰੀਰ ਵਿੱਚ ਗੰਭੀਰ ਦਰਦ ਦੀਆਂ ਸ਼ਿਕਾਇਤਾਂ ਹਨ। ਜ਼ਹਿਰੀਲੀ ਸ਼ਰਾਬ ਕਾਰਨ ਦੀ ਲਗਾਤਾਰ ਵੱਧ ਰਹੀ ਮੌਤਾਂ ਦੀ ਗਿਣਤੀ ਤੋਂ ਬਾਅਦ ਸਾਰਿਆਂ ਦਾ ਸਮੂਹਿਕ ਸਸਕਾਰ ਕੀਤਾ ਗਿਆ।
ਇਸ ਘਟਨਾ ਤੋਂ ਬਾਅਦ ਸੂਬੇ ਦੀ ਸਟਾਲਿਨ ਸਰਕਾਰ ਦੀਆਂ ਮੁਸ਼ਕਲਾਂ ਕਾਫੀ ਵੱਧ ਗਈਆਂ ਹਨ। ਵਿਰੋਧੀ ਪਾਰਟੀਆਂ ਇਸ ਘਟਨਾ ਦੀ ਜ਼ਿੰਮੇਵਾਰੀ ਲੈਣ ਅਤੇ ਮੁੱਖ ਮੰਤਰੀ ਸਟਾਲਿਨ ਦੇ ਅਸਤੀਫੇ ਦੀ ਮੰਗ ਕਰ ਰਹੀਆਂ ਹਨ। ਪ੍ਰਦੇਸ਼ ਭਾਜਪਾ ਨੇਤਾ ਅੰਨਾਮਾਲਾਈ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਘਟਨਾ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਸੂਬਾ ਸਰਕਾਰ ਨੇ ਘਟਨਾ ਦੀ ਸੀਆਈਟੀ ਜਾਂਚ ਦੇ ਹੁਕਮ ਦਿੱਤੇ ਹਨ। ਅੰਨਾਮਾਲਾਈ ਨੇ ਸੂਬੇ ਦੀ ਡੀਐਮਕੇ ਸਰਕਾਰ ‘ਤੇ ਸ਼ਰਾਬ ਵੇਚਣ ਵਾਲਿਆਂ ਨਾਲ ਮਿਲੀਭੁਗਤ ਦਾ ਦੋਸ਼ ਲਗਾਉਂਦੇ ਹੋਏ ਆਪਣੇ ਪੱਤਰ ‘ਚ ਕਿਹਾ ਹੈ ਕਿ ਪਾਰਟੀ ਦੇ ਲੋਕਾਂ ਦੇ ਇਸ਼ਾਰੇ ‘ਤੇ ਗੈਰ-ਕਾਨੂੰਨੀ ਸ਼ਰਾਬ ਬਣਾਈ ਅਤੇ ਵੇਚੀ ਜਾ ਰਹੀ ਹੈ। ਉਹ ਸ਼ਰਾਬਕਾਂਡ ਦੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲੇ। ਉਨ੍ਹਾਂ ਨੇ 22 ਜੂਨ ਨੂੰ ਸਟਾਲਿਨ ਸਰਕਾਰ ਵਿਰੁੱਧ ਸੂਬਾ ਪੱਧਰੀ ਮੁਜ਼ਾਹਰੇ ਦਾ ਐਲਾਨ ਕੀਤਾ ਹੈ।
ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਸਹਿਯੋਗੀ ਸ਼ਸ਼ੀਕਲਾ ਨੇ ਕਿਹਾ ਕਿ ਰਾਜ ਸਰਕਾਰ ਨੂੰ ਮੌਤਾਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਹਰ ਸਾਲ ਮੌਤਾਂ ਵੱਧ ਰਹੀਆਂ ਹਨ। ਜਦੋਂ ਕਿ ਏਆਈਏਡੀਐਮਕੇ ਦੇ ਜਨਰਲ ਸਕੱਤਰ ਪਲਾਨੀਸਵਾਮੀ ਨੇ ਕਿਹਾ ਕਿ ਲਗਭਗ 200 ਲੋਕ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿੱਚੋਂ 133 ਦਾ ਇਲਾਜ ਚੱਲ ਰਿਹਾ ਹੈ। ਦੂਜੇ ਪਾਸੇ, ਪੀਐਮਕੇ ਦੇ ਪ੍ਰਧਾਨ ਅੰਬੂਮਣੀ ਰਾਮਦਾਸ ਦੇ ਅੱਜ ਕੱਲਾਕੁਰਿਚੀ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਲੋਕਾਂ ਨਾਲ ਮੁਲਾਕਾਤ ਦੀ ਉਮੀਦ ਹੈ।
ਹਿੰਦੂਸਥਾਨ ਸਮਾਚਾਰ