Chandigarh: ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਜਿੱਥੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ‘ਤੇ ਯੋਗਾ ਪ੍ਰੋਗਰਾਮ ਕਰਵਾਏ ਗਏ, ਉੱਥੇ ਹੀ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਯੋਗਾ ਕਰਕੇ ਗੁਆਂਢੀ ਦੇਸ਼ ਨੂੰ ਵੀ ਯੋਗਾਮਈ ਹੋਣ ਦਾ ਸੰਦੇਸ਼ ਦਿੱਤਾ। ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪੰਜਾਬ ਦੇ ਇਲਾਕਿਆਂ ਵਿੱਚ ਬੀਐੱਸਐੱਫ ਵੱਲੋਂ ਆਯੋਜਿਤ ਪ੍ਰੋਗਰਾਮਾਂ ਵਿੱਚ ਬੀਐੱਸਐੱਫ ਦੇ ਜਵਾਨਾਂ ਤੋਂ ਇਲਾਵਾ ਆਸਪਾਸ ਦੇ ਇਲਾਕਿਆਂ ਦੇ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ।
ਅੰਮ੍ਰਿਤਸਰ ਨੇੜੇ ਅਟਾਰੀ-ਬਾਘਾ ਸਰਹੱਦ ‘ਤੇ ਰੀਟਰੀਟ ਸੈਰੇਮਨੀ ਵਾਲੀ ਥਾਂ ‘ਤੇ ਯੋਗ ਦਿਵਸ ਮਨਾਇਆ ਗਿਆ। ਬੀਐੱਸਐੱਫ ਨੇ ਯੋਗ ਦਿਵਸ ਮਨਾਉਣ ਦੀਆਂ ਡਰੋਨ ਤਸਵੀਰਾਂ ਜਾਰੀ ਕੀਤੀਆਂ ਹਨ। ਜਿਸ ‘ਚ ਭਾਰਤੀ ਸਰਹੱਦ ‘ਤੇ ਜਵਾਨ ਯੋਗਾ ਕਰ ਰਹੇ ਹਨ ਅਤੇ ਪਾਕਿਸਤਾਨੀ ਖੇਤਰ ‘ਚ ਪਾਕਿ ਰੇਂਜਰਾਂ ਦੀ ਆਵਾਜਾਈ ਦਿਖਾਈ ਦੇ ਰਹੀ ਹੈ। ਬੀਐੱਸਐੱਫ ਵੱਲੋਂ ਜਾਰੀ ਕੀਤੀ ਅਟਾਰੀ ਸਰਹੱਦ ਦੀਆਂ ਫੋਟੋਆਂ ਅੱਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਯੋਗ ਦਿਵਸ ਮੌਕੇ ਗੁਰਦਾਸਪੁਰ ਦੇ ਛੋਟਾ ਘੱਲੂਘਾਰਾ ਯਾਦਗਾਰ ਕਾਹਨੂੰਵਾਨ ਵਿਖੇ ਬੀਐੱਸਐੱਫ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ। ਇਸੇ ਤਰ੍ਹਾਂ
ਬੀਐੱਸਐੱਫ ਕੈਂਪਸ ਜਲੰਧਰ ਵਿੱਚ ਵੀ ਜਵਾਨਾਂ ਅਤੇ ਅਧਿਕਾਰੀਆਂ ਨੇ ਇਕੱਠੇ ਯੋਗਾ ਕੀਤਾ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਇਤਿਹਾਸਕ ਕੰਪਨੀ ਬਾਗ ਵਿਖੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ। ਇਸ ਤੋਂ ਇਲਾਵਾ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਪੰਜਾਬ ਦੇ ਹੁਸ਼ਿਆਰਪੁਰ ਵਿਖੇ ਯੋਗ ਦਿਵਸ ਦੇ ਸਮਾਗਮ ਵਿੱਚ ਸ਼ਿਰਕਤ ਕੀਤੀ।
ਹਿੰਦੂਸਥਾਨ ਸਮਾਚਾਰ