Poisonous Liquor Tamil Nadu: ਤਾਮਿਲਨਾਡੂ ਦੇ ਕੱਲਾਕੁਰੀਚੀ ਵਿੱਚ ਜ਼ਹਿਰੀਲੀ ਸ਼ਰਾਬ ਨੇ ਕਹਿਰ ਮਚਾ ਦਿੱਤਾ ਹੈ। ਹੁਣ ਤੱਕ 35 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚ ਪੰਜ ਔਰਤਾਂ ਵੀ ਸ਼ਾਮਲ ਹਨ। ਫਿਲਹਾਲ 15 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਹਿਰੀਲੀ ਸ਼ਰਾਬ ਤ੍ਰਾਸ਼ਦੀ ਦੀ ਗਾਜ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਐਸ.ਪੀ. ’ਤੇ ਡਿੱਗੀ ਹੈ।ਤਾਮਿਲਨਾਡੂ ਸਰਕਾਰ ਨੇ ਜ਼ਿਲ੍ਹਾ ਮੈਜਿਸਟ੍ਰੇਟ ਸ਼ਰਵਨ ਕੁਮਾਰ ਜਾਤਾਵਥ ਦਾ ਤਬਾਦਲਾ ਅਤੇ ਪੁਲਿਸ ਸੁਪਰਡੈਂਟ ਸਮਯ ਸਿੰਘ ਮੀਨਾ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਸਬੰਧੀ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।
ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਇਸਨੂੰ ਰੋਕਣ ਵਿੱਚ ਨਾਕਾਮ ਰਹਿਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਸਟਾਲਿਨ ਨੇ ਐਕਸ ‘ਤੇ ਪੋਸਟ ਜਾਰੀ ਕਰਕੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕੱਲਾਕੁਰੀਚੀ ‘ਚ ਮਿਲਾਵਟੀ ਸ਼ਰਾਬ ਪੀਣ ਨਾਲ ਲੋਕਾਂ ਦੀ ਮੌਤ ਦੀ ਖਬਰ ਸੁਣ ਕੇ ਮੈਂ ਹੈਰਾਨ ਅਤੇ ਦੁਖੀ ਹਾਂ।
ਸੀਬੀ-ਸੀਆਈਡੀ ਜਾਂਚ : ਮੁੱਖ ਮੰਤਰੀ ਸਟਾਲਿਨ ਨੇ ਇਸ ਘਟਨਾ ਦੀ ਸੀਬੀ-ਸੀਆਈਡੀ ਜਾਂਚ ਦੇ ਹੁਕਮ ਦਿੱਤੇ ਹਨ। ਕੱਲਾਕੁਰੀਚੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਸ਼ਰਵਣ ਕੁਮਾਰ ਜਾਤਾਵਥ ਅਤੇ ਪੁਲਿਸ ਸੁਪਰਡੈਂਟ ਸਮਯ ਸਿੰਘ ਮੀਨਾ ਵਿਰੁੱਧ ਕੀਤੀ ਗਈ ਕਾਰਵਾਈ ਤੋਂ ਬਾਅਦ 9 ਹੋਰ ਪੁਲਿਸ ਮੁਲਾਜ਼ਮਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਕੱਲਾਕੁਰੀਚੀ ਜ਼ਿਲ੍ਹੇ ਦੀ ਮਨਾਹੀ ਸ਼ਾਖਾ ਦੇ ਵੀ ਪੁਲਿਸ ਮੁਲਾਜ਼ਮ ਸ਼ਾਮਲ ਹਨ। ਐੱਮਐੱਸ ਪ੍ਰਸ਼ਾਂਤ ਅਤੇ ਰਜਤ ਚਤੁਰਵੇਦੀ ਨੂੰ ਕ੍ਰਮਵਾਰ ਕੱਲਾਕੁਰੀਚੀ ਦਾ ਨਵਾਂ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਪੁਲਿਸ ਸੁਪਰਡੈਂਟ ਨਿਯੁਕਤ ਕੀਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ