New Delhi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ ’ਤੇ ਰਵਾਨਾ ਹੋਣਗੇ। ਉਹ ਅੱਜ ਸ਼ਾਮ 6 ਵਜੇ ਸ੍ਰੀਨਗਰ ‘ਚ ਸੂਬੇ ਦੇ ਨੌਜਵਾਨਾਂ ਨੂੰ ਵੱਡਾ ਸੰਦੇਸ਼ ਦੇਣਗੇ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੱਜ ਦੇ ਪ੍ਰੋਗਰਾਮ ਨੂੰ ਐਕਸ ਹੈਂਡਲ ‘ਤੇ ਸਾਂਝਾ ਕੀਤਾ ਹੈ। ਭਾਰਤ ਸਰਕਾਰ ਦੇ ਪ੍ਰੈਸ ਇਨਫਰਮੇਸ਼ਨ ਬਿਊਰੋ (ਪੀ.ਆਈ.ਬੀ.) ਨੇ ਉਨ੍ਹਾਂ ਦੋ ਦਿਨਾਂ ਪ੍ਰੋਗਰਾਮ ਦਾ ਵਿਸਤ੍ਰਿਤ ਵੇਰਵਾ ਪ੍ਰਦਾਨ ਕੀਤਾ ਹੈ।
ਪ੍ਰੈੱਸ ਇਨਫਰਮੇਸ਼ਨ ਬਿਊਰੋ ‘ਚ ਉਪਲਬਧ ਰਿਲੀਜ਼ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਅੱਜ ਸ਼ਾਮ ਕਰੀਬ 6 ਵਜੇ ਸ਼੍ਰੀਨਗਰ ਦੇ ਸ਼ੇਰ-ਏ-ਕਸ਼ਮੀਰ
ਇੰਟਰਨੈਸ਼ਨਲ ਕਾਨਫਰੰਸ ਸੈਂਟਰ (ਐੱਸ.ਕੇ.ਆਈ.ਸੀ.ਸੀ.) ‘ਚ ‘ਇਮਪਾਵਰਿੰਗ ਯੂਥ, ਟ੍ਰਾਂਸਫਾਰਮਿੰਗ ਜੇ ਐਂਡ ਕੇ’ (ਨੌਜਵਾਨਾਂ ਨੂੰ ਸਸ਼ਕਤ ਕਰਨਾ, ਜੰਮੂ-ਕਸ਼ਮੀਰ ਵਿੱਚ ਬਦਲਾਅ ਲਿਆਉਣਾ) ਵਿਸ਼ਾ ਅਧਾਰਿਤ ਪ੍ਰੋਗਰਾਮ ‘ਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਜੰਮੂ-ਕਸ਼ਮੀਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ। ਉਹ ਖੇਤੀਬਾੜੀ ਅਤੇ ਸਹਾਇਕ ਖੇਤਰਾਂ ’ਚ ਪ੍ਰਤੀਯੋਗਤਾ ਸੁਧਾਰ ਪ੍ਰੋਜੈਕਟ (ਜੇਕੇਸੀਆਈਪੀ) ਵੀ ਲਾਂਚ ਕਰਨਗੇ। ਪ੍ਰਧਾਨ ਮੰਤਰੀ ਮੋਦੀ ਅਗਲੇ ਦਿਨ ਸ਼ੁੱਕਰਵਾਰ ਸਵੇਰੇ ਕਰੀਬ 6:30 ਵਜੇ ਐੱਸਕੇਆਈਸੀਸੀ, ਸ੍ਰੀਨਗਰ ਵਿਖੇ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਇਸ ਮੌਕੇ ‘ਤੇ ਇਕੱਠ ਨੂੰ ਸੰਬੋਧਨ ਵੀ ਕਰਨਗੇ ਅਤੇ ਫਿਰ ਇੱਕ ਸੀਵਾਈਪੀ ਯੋਗ ਸੈਸ਼ਨ ਵਿੱਚ ਹਿੱਸਾ ਲੈਣਗੇ।
ਰਿਲੀਜ਼ ਦੇ ਅਨੁਸਾਰ, ਪ੍ਰੋਗਰਾਮ ‘ਨੌਜਵਾਨਾਂ ਨੂੰ ਸਸ਼ਕਤ ਕਰਨਾ, ਜੰਮੂ-ਕਸ਼ਮੀਰ ਵਿੱਚ ਬਦਲਾਅ ਲਿਆਉਣਾ’ ਇਸ ਖੇਤਰ ਲਈ ਇੱਕ ਮਹੱਤਵਪੂਰਨ ਪਲ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਸਟਾਲਾਂ ਦਾ ਨਿਰੀਖਣ ਕਰਕੇ ਉਪਲਬਧੀ ਹਾਸਲ ਕਰਨ ਵਾਲੇ ਜੰਮੂ-ਕਸ਼ਮੀਰ ਦੇ ਨੌਜਵਾਨਾਂ ਨਾਲ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ 1,500 ਕਰੋੜ ਰੁਪਏ ਤੋਂ ਵੱਧ ਦੇ 84 ਵੱਡੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਚੇਨਾਨੀ-ਪਟਨੀਟੋਪ-ਨਾਸ਼ਰੀ ਸੈਕਸ਼ਨ ਦੇ ਸੁਧਾਰ, ਉਦਯੋਗਿਕ ਅਸਟੇਟ ਦੇ ਵਿਕਾਸ ਅਤੇ ਛੇ ਸਰਕਾਰੀ ਡਿਗਰੀ ਕਾਲਜਾਂ ਦੀ ਉਸਾਰੀ ਵਰਗੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।
ਪ੍ਰਧਾਨ ਮੰਤਰੀ 1,800 ਕਰੋੜ ਰੁਪਏ ਦੇ ਖੇਤੀਬਾੜੀ ਅਤੇ ਸਹਾਇਕ ਖੇਤਰਾਂ ’ਚ ਮੁਕਾਬਲੇਬਾਜ਼ੀ ਸੁਧਾਰ (ਜੇਕੇਸੀਆਈਪੀ) ਪ੍ਰੋਜੈਕਟ ਵਿੱਚ ਦੀ ਵੀ ਸ਼ੁਰੂਆਤ ਕਰਨਗੇ। ਇਹ ਪ੍ਰਾਜੈਕਟ ਜੰਮੂ-ਕਸ਼ਮੀਰ ਦੇ 20 ਜ਼ਿਲ੍ਹਿਆਂ ਦੇ 90 ਬਲਾਕਾਂ ਵਿੱਚ ਲਾਗੂ ਕੀਤਾ ਜਾਵੇਗਾ। ਇਹ 15 ਲੱਖ ਲਾਭਪਾਤਰੀਆਂ ਨੂੰ ਕਵਰ ਕਰੇਗਾ। ਇਹ ਪ੍ਰੋਜੈਕਟ ਤਿੰਨ ਲੱਖ ਪਰਿਵਾਰਾਂ ਤੱਕ ਪਹੁੰਚੇਗਾ। ਪ੍ਰਧਾਨ ਮੰਤਰੀ ਮੋਦੀ ਸਰਕਾਰੀ ਨੌਕਰੀ ਵਿੱਚ ਨਿਯੁਕਤ ਦੋ ਹਜ਼ਾਰ ਤੋਂ ਵੱਧ ਵਿਅਕਤੀਆਂ ਨੂੰ ਨਿਯੁਕਤੀ ਪੱਤਰ ਵੀ ਵੰਡਣਗੇ।
ਪ੍ਰਧਾਨ ਮੰਤਰੀ 21 ਜੂਨ ਨੂੰ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਐੱਸਕੇਆਈਸੀਸੀ, ਸ੍ਰੀਨਗਰ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਦੀ ਅਗਵਾਈ ਕਰਨਗੇ। ਇਸ ਸਾਲ ਦਾ ਸਮਾਗਮ ਨੌਜਵਾਨ ਮਨ ਅਤੇ ਸਰੀਰ ‘ਤੇ ਯੋਗਾ ਦੇ ਡੂੰਘੇ ਪ੍ਰਭਾਵ ਨੂੰ ਰੇਖਾਂਕਿਤ ਕਰਦਾ ਹੈ। ਇਸ ਸਮਾਗਮ ਦਾ ਉਦੇਸ਼ ਹਜ਼ਾਰਾਂ ਲੋਕਾਂ ਨੂੰ ਯੋਗਾ ਦੇ ਅਭਿਆਸ ਵਿੱਚ ਜੋੜਨਾ, ਵਿਸ਼ਵ ਪੱਧਰ ‘ਤੇ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨਾ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ 2015 ਤੋਂ ਹੀ ਯੋਗ ਦੇ ਮਹੱਤਵ ਨੂੰ ਰੇਖਾਂਕਿਤ ਕਰ ਰਹੇ ਹਨ। ਉਹ ਕਰਤੱਵ ਪਥ ਦਿੱਲੀ, ਚੰਡੀਗੜ੍ਹ, ਦੇਹਰਾਦੂਨ, ਰਾਂਚੀ, ਲਖਨਊ, ਮੈਸੂਰ ਸਮੇਤ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਜਿਹੇ ਵੱਖ-ਵੱਖ ਵੱਕਾਰੀ ਸਥਾਨਾਂ ‘ਤੇ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਦੀ ਅਗਵਾਈ ਕਰ ਚੁੱਕੇ ਹਨ।
ਇਸ ਸਾਲ ਦਾ ਵਿਸ਼ਾ ਸਵੈ ਅਤੇ ਸਮਾਜ ਲਈ ਯੋਗਾ ਹੈ। ਇਸ ਰਾਹੀਂ ਨਿੱਜੀ ਅਤੇ ਸਮਾਜ ਭਲਾਈ ਦੇ ਪ੍ਰਚਾਰ ਨੂੰ ਰੇਖਾਂਕਿਤ ਕੀਤਾ ਗਿਆ ਹੈ। ਇਹ ਪ੍ਰੋਗਰਾਮ ਜ਼ਮੀਨੀ ਪੱਧਰ ‘ਤੇ ਲੋਕਾਂ ਦੀ ਭਾਗੀਦਾਰੀ ਅਤੇ ਦਿਹਾਤੀ ਖੇਤਰਾਂ ਵਿੱਚ ਯੋਗ ਦਾ ਪ੍ਰਸਾਰ ਨੂੰ ਉਤਸ਼ਾਹਿਤ ਕਰੇਗਾ।
ਹਿੰਦੂਸਥਾਨ ਸਮਾਚਾਰ