Ayodhya: ਉੱਤਰ ਪ੍ਰਦੇਸ਼ ਦੇ ਅਯੁੱਧਿਆ ਜ਼ਿਲ੍ਹੇ ‘ਚ ਬੁੱਧਵਾਰ ਸਵੇਰੇ ਰਾਮ ਮੰਦਰ ਕੰਪਲੈਕਸ ‘ਚ ਸ਼ੱਕੀ ਹਾਲਾਤਾਂ ‘ਚ ਗੋਲੀ ਚੱਲ ਗਈ, ਜਿਸ ‘ਚ ਯੂਪੀ ਐੱਸਐੱਸਐੱਫ ਦੇ ਜਵਾਨ ਦੀ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਆਈਜੀ ਅਤੇ ਐੱਸਐੱਸਪੀ ਨੇ ਮੌਕੇ ਦਾ ਮੁਆਇਨਾ ਕੀਤਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਹਰ ਪੁਆਇੰਟ ‘ਤੇ ਜਾਂਚ ਕਰ ਰਹੀ ਹੈ।
ਵਿਸ਼ੇਸ਼ ਸੁਰੱਖਿਆ ਬਲ (ਐੱਸਐੱਸਐੱਫ) ਦਾ ਜਵਾਨ ਸ਼ਤਰੂਘਨ ਵਿਸ਼ਵਕਰਮਾ (25) ਵਾਸੀ ਅੰਬੇਡਕਰ ਨਗਰ ਅਯੁੱਧਿਆ ਦੇ ਰਾਮ ਜਨਮ ਭੂਮੀ ਕੰਪਲੈਕਸ ਦੀ ਸੁਰੱਖਿਆ ਵਿੱਚ ਡਿਊਟੀ ’ਤੇ ਸੀ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਬੁੱਧਵਾਰ ਸਵੇਰੇ ਕਰੀਬ 5 ਵਜੇ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਸਾਥੀ ਸੁਰੱਖਿਆ ਕਰਮਚਾਰੀ ਦੌੜ ਕੇ ਆਏ ਤਾਂ ਉਨ੍ਹਾਂ ਦੇਖਿਆ ਕਿ ਜਵਾਨ ਸ਼ਤਰੂਘਨ ਵਿਸ਼ਵਕਰਮਾ ਜ਼ਖਮੀ ਹਾਲਤ ‘ਚ ਫਰਸ਼ ‘ਤੇ ਪਿਆ ਸੀ। ਹੋਰ ਸਾਥੀਆਂ ਨੇ ਤੁਰੰਤ ਉਸਨੂੰ ਇਲਾਜ ਲਈ ਹਸਪਤਾਲ ਦੇ ਟਰਾਮਾ ਸੈਂਟਰ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਆਈਜੀ ਪ੍ਰਵੀਨ ਕੁਮਾਰ, ਸੀਨੀਅਰ ਪੁਲਿਸ ਕਪਤਾਨ ਰਾਜਕਰਨ ਨਈਅਰ ਸਮੇਤ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ। ਫੋਰੈਂਸਿਕ ਟੀਮ ਨੇ ਵੀ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ। ਪੁਲਿਸ ਕਪਤਾਨ ਰਾਜਕਰਨ ਨਈਅਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕਾਰਨ ਸਪੱਸ਼ਟ ਹੋਵੇਗਾ।
ਹਿੰਦੂਸਥਾਨ ਸਮਾਚਾਰ