New Delhi: ਵਾਰਾਣਸੀ ਤੋਂ ਤੀਜੀ ਵਾਰ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਕਾਸ਼ੀ ਪਹੁੰਚੇ। ਉਨ੍ਹਾਂ ਨੇ ਦੇਸ਼ ਭਰ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਪੀਐੱਮ ਕਿਸਾਨ ਸਨਮਾਨ ਨਿਧੀ ਦੀ 17ਵੀਂ ਕਿਸ਼ਤ ਜਾਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਵਾਰਾਣਸੀ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਾਸ਼ੀ ਵਾਸੀਆਂ ਦਾ ਧੰਨਵਾਦ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਚੋਣਾਂ ਜਿੱਤਣ ਤੋਂ ਬਾਅਦ ਮੈਂ ਪਹਿਲੀ ਵਾਰ ਕਾਸ਼ੀ ਆਇਆ ਹਾਂ। ਬਾਬਾ ਵਿਸ਼ਵਨਾਥ, ਮਾਂ ਗੰਗਾ ਅਤੇ ਕਾਸ਼ੀ ਵਾਸੀਆਂ ਦੇ ਆਸ਼ੀਰਵਾਦ ਨਾਲ ਮੈਨੂੰ ਤੀਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਿਆ ਹੈ। ਕਾਸ਼ੀ ਦੇ ਲੋਕਾਂ ਨੇ ਮੈਨੂੰ ਜੇਤੂ ਬਣਾ ਕੇ ਆਸ਼ੀਰਵਾਦ ਦਿੱਤਾ। ਅਜਿਹਾ ਲੱਗਦਾ ਹੈ ਕਿ ਹੁਣ ਤਾਂ ਮਾਂ ਗੰਗਾ ਨੇ ਵੀ ਮੈਨੂੰ ਗੋਦ ਲੈ ਲਿਆ ਹੈ ਅਤੇ ਮੈਂ ਇੱਥੋਂ ਦਾ ਹੋ ਗਿਆ ਹਾਂ। ਮੈਂ ਤੁਹਾਡਾ ਧੰਨਵਾਦੀ ਹਾਂ। ਉਨ੍ਹਾਂ ਕਿਹਾ ਕਿ ਇਸ ਵਾਰ ਦੇਸ਼ ਵਿੱਚ ਹੋਈਆਂ ਚੋਣਾਂ ਨੇ ਨਵਾਂ ਇਤਿਹਾਸ ਸਿਰਜਿਆ ਹੈ। ਦੁਨੀਆ ਦੇ ਲੋਕਤਾਂਤਰਿਕ ਇਤਿਹਾਸ ’ਚ ਇਹ ਪਹਿਲੀ ਵਾਰ ਹੈ ਕਿ ਕਿਸੇ ਸਰਕਾਰ ਨੂੰ ਲਗਾਤਾਰ ਤੀਜੀ ਵਾਰ ਚੁਣਿਆ ਗਿਆ ਹੋਵੇ। ਭਾਰਤ ਦੇ ਲੋਕਾਂ ਨੇ ਅਜਿਹਾ ਕਰਕੇ ਦਿਖਾਇਆ ਹੈ। ਉਨ੍ਹਾਂ ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਦਿਨ-ਰਾਤ ਮਿਹਨਤ ਕਰਨਗੇ ਅਤੇ ਲੋਕਾਂ ਦੇ ਸੁਪਨਿਆਂ ਅਤੇ ਸੰਕਲਪਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕਰਨਗੇ।
ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਆਪਣੇ ਪਹਿਲੇ ਜਨਤਕ ਸਮਾਗਮ ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੀਐੱਮ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਦੇ ਤਹਿਤ ਲਗਭਗ 9.26 ਕਰੋੜ ਲਾਭਪਾਤਰੀ ਕਿਸਾਨਾਂ ਨੂੰ 20,000 ਕਰੋੜ ਰੁਪਏ ਤੋਂ ਵੱਧ ਦੀ 17ਵੀਂ ਕਿਸ਼ਤ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਰਾਹੀਂ ਜਾਰੀ ਕੀਤੀ। ਹੁਣ ਤੱਕ, 11 ਕਰੋੜ ਤੋਂ ਵੱਧ ਯੋਗ ਕਿਸਾਨ ਪਰਿਵਾਰਾਂ ਨੂੰ ਪੀਐੱਮ-ਕਿਸਾਨ ਯੋਜਨਾ ਦੇ ਤਹਿਤ 3.04 ਲੱਖ ਕਰੋੜ ਰੁਪਏ ਤੋਂ ਵੱਧ ਦਾ ਲਾਭ ਮਿਲਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀਐੱਮ ਕਿਸਾਨ ਸਨਮਾਨ ਨਿਧੀ ਦੁਨੀਆ ਦੀ ਸਭ ਤੋਂ ਵੱਡੀ ਸਿੱਧੀ ਲਾਭ ਤਬਾਦਲਾ ਯੋਜਨਾ ਬਣ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਪੈਕਡ ਫੂਡ ਦੇ ਗਲੋਬਲ ਬਾਜ਼ਾਰ ‘ਚ ਦੇਸ਼ ਨੂੰ ਨਵੀਆਂ ਉਚਾਈਆਂ ‘ਤੇ ਲਿਜਾ ਰਹੇ ਹਾਂ। ਉਨ੍ਹਾਂ ਦਾ ਸੁਪਨਾ ਹੈ ਕਿ ਦੁਨੀਆ ਦੇ ਹਰ ਡਾਈਨਿੰਗ ਟੇਬਲ ‘ਤੇ ਭਾਰਤ ਦਾ ਕੋਈ ਨਾ ਕੋਈ ਅਨਾਜ ਜਾਂ ਫਲ ਉਤਪਾਦ ਹੋਣਾ ਚਾਹੀਦੈ।
ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਸਵੈ-ਸਹਾਇਤਾ ਸਮੂਹਾਂ ਦੀਆਂ 30 ਹਜ਼ਾਰ ਤੋਂ ਵੱਧ ਕ੍ਰਿਸ਼ੀ ਸਖੀ ਔਰਤਾਂ ਨੂੰ ਸਰਟੀਫਿਕੇਟ ਵੰਡੇ ਗਏ। ਕ੍ਰਿਸ਼ੀ ਸਖੀ ਕਨਵਰਜੈਂਸ ਪ੍ਰੋਗਰਾਮ (ਕੇਐਸਸੀਪੀ) ਦਾ ਮੁੱਖ ਉਦੇਸ਼ ਪੇਂਡੂ ਔਰਤਾਂ ਦਾ ਕ੍ਰਿਸ਼ੀ ਸਖੀ ਦੇ ਰੂਪ ਵਿੱਚ ਸਸ਼ਕਤੀਕਰਨ ਕਰਦੇ ਹੋਏ ਕ੍ਰਿਸ਼ੀ ਸਖੀ ਔਰਤਾਂ ਨੂੰ ਪੈਰਾ-ਐਕਸਟੈਨਸ਼ਨ ਵਰਕਰ ਵਜੋਂ ਸਿਖਲਾਈ ਅਤੇ ਪ੍ਰਮਾਣੀਕਰਣ ਪ੍ਰਦਾਨ ਕਰਕੇ, ਪੇਂਡੂ ਭਾਰਤ ਦੀ ਤਸਵੀਰ ਨੂੰ ਬਦਲਣਾ ਹੈ। ਇਹ ਸਰਟੀਫਿਕੇਸ਼ਨ ਕੋਰਸ “ਲਖਪਤੀ ਦੀਦੀ” ਪ੍ਰੋਗਰਾਮ ਦੇ ਉਦੇਸ਼ਾਂ ਦੇ ਅਨੁਸਾਰ ਵੀ ਹੈ।
ਕ੍ਰਿਸ਼ੀ ਸਖੀ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਰਤਮਾਨ ਵਿੱਚ ਇਹ ਯੋਜਨਾ 12 ਰਾਜਾਂ ਵਿੱਚ ਸ਼ੁਰੂ ਕੀਤੀ ਗਈ ਹੈ। ਆਉਣ ਵਾਲੇ ਸਮੇਂ ਵਿੱਚ ਦੇਸ਼ ਭਰ ਵਿੱਚ ਹਜ਼ਾਰਾਂ ਸਮੂਹ ਇਸ ਨਾਲ ਜੋੜੇ ਜਾਣਗੇ। ਅੱਜ 3 ਕਰੋੜ ਭੈਣਾਂ ਨੂੰ ਲੱਖਪਤੀ ਬਣਾਉਣ ਦੀ ਦਿਸ਼ਾ ‘ਚ ਵੱਡਾ ਕਦਮ ਚੁੱਕਿਆ ਗਿਆ ਹੈ। ਕ੍ਰਿਸ਼ੀ ਸਖੀ ਦੇ ਤੌਰ ‘ਤੇ ਭੈਣਾਂ ਦੀ ਨਵੀਂ ਭੂਮਿਕਾ ਉਨ੍ਹਾਂ ਲਈ ਸਨਮਾਨ ਅਤੇ ਆਮਦਨ ਦਾ ਨਵਾਂ ਸਰੋਤ ਯਕੀਨੀ ਬਣਾਏਗੀ।
ਕਾਸ਼ੀ ਨਾਲ ਆਪਣੇ ਰਿਸ਼ਤੇ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਜਿਵੇਂ ਮਾਂ ਗੰਗਾ ਨੇ ਉਨ੍ਹਾਂ ਨੂੰ ਗੋਦ ਲੈ ਲਿਆ ਹੋਵੇ। ਉਹ ਇੱਥੋਂ ਦੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਬਾਬਾ ਵਿਸ਼ਵਨਾਥ ਅਤੇ ਮਾਤਾ ਗੰਗਾ ਦੇ ਆਸ਼ੀਰਵਾਦ ਅਤੇ ਕਾਸ਼ੀ ਵਾਸੀਆਂ ਦੇ ਅਥਾਹ ਪਿਆਰ ਨਾਲ ਮੈਨੂੰ ਤੀਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਕਾਸ਼ੀ ਦੇ ਲੋਕਾਂ ਨੇ ਮੈਨੂੰ ਲਗਾਤਾਰ ਤੀਜੀ ਵਾਰ ਆਪਣਾ ਪ੍ਰਤੀਨਿਧੀ ਚੁਣ ਕੇ ਆਸ਼ੀਰਵਾਦ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਕਾਸ਼ੀ ਨੇ ਪੂਰੀ ਦੁਨੀਆ ਨੂੰ ਦਿਖਾ ਦਿੱਤਾ ਹੈ ਕਿ ਵਿਰਾਸਤੀ ਸ਼ਹਿਰ ਵੀ ਸ਼ਹਿਰੀ ਵਿਕਾਸ ਦਾ ਨਵਾਂ ਅਧਿਆਏ ਲਿਖ ਸਕਦਾ ਹੈ। ਵਿਕਾਸ ਅਤੇ ਵਿਰਾਸਤ ਦਾ ਮੰਤਰ ਵੀ ਕਾਸ਼ੀ ਵਿੱਚ ਹਰ ਪਾਸੇ ਨਜ਼ਰ ਆਉਂਦਾ ਹੈ। ਪਿਛਲੇ 10 ਸਾਲਾਂ ਵਿੱਚ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਨੇ ਕਾਸ਼ੀ ਦੇ ਕਿਸਾਨਾਂ ਲਈ ਪੂਰੀ ਲਗਨ ਨਾਲ ਕੰਮ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਤੀਜਾ ਕਾਰਜਕਾਲ ਕਿਸਾਨਾਂ, ਨੌਜਵਾਨਾਂ, ਮਹਿਲਾ ਸ਼ਕਤੀ ਅਤੇ ਗਰੀਬਾਂ ਦੇ ਸਸ਼ਕਤੀਕਰਨ ਨਾਲ ਸ਼ੁਰੂ ਕੀਤਾ ਹੈ। ਸਰਕਾਰ ਬਣਦੇ ਹੀ ਦੇਸ਼ ਵਿੱਚ ਗਰੀਬ ਪਰਿਵਾਰਾਂ ਲਈ 3 ਕਰੋੜ ਨਵੇਂ ਘਰ, ਪੀਐੱਮ ਕਿਸਾਨ ਸਨਮਾਨ ਨਿਧੀ ਅਤੇ ਹੋਰ ਫੈਸਲੇ ਲਏ ਗਏ ਹਨ।
ਹਿੰਦੂਸਥਾਨ ਸਮਾਚਾਰ