Kathmandu: ਮਾਊਂਟ ਐਵਰੈਸਟ ‘ਤੇ ਚੜ੍ਹਾਈ ਕਰਨ ਤੋਂ ਬਾਅਦ ਵਾਪਸ ਪਰਤ ਰਹੇ ਹਜ਼ਾਰਾਂ ਪਰਬਤਾਰੋਹੀ ਅਚਾਨਕ ਖਰਾਬ ਮੌਸਮ ਕਾਰਨ ਰਸਤੇ ‘ਚ ਫਸ ਗਏ ਹਨ। ਇਹ ਲੋਕ ਐਵਰੈਸਟ ਬੇਸ ਕੈਂਪ ਪਹੁੰਚ ਚੁੱਕੇ ਹਨ। ਬਰਫੀਲੀਆਂ ਹਵਾਵਾਂ ‘ਚ ਫਸੇ ਇਨ੍ਹਾਂ ਪਰਬਤਾਰੋਹੀਆਂ ਕੋਲ ਮੌਸਮ ਦੇ ਖੁੱਲ੍ਹਣ ਦਾ ਇੰਤਜ਼ਾਰ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਖ਼ਰਾਬ ਮੌਸਮ ਕਾਰਨ ਬੇਸ ਕੈਂਪ ਦੇ ਸਭ ਤੋਂ ਨਜ਼ਦੀਕ ਸਥਿਤ ਲੁਕਲਾ ਏਅਰਪੋਰਟ (ਤੇਨਜਿੰਗ ਹਿਲੇਰੀ ਏਅਰਪੋਰਟ) ਪਿਛਲੇ 10 ਦਿਨਾਂ ਤੋਂ ਬੰਦ ਹੈ।
ਮਾਨਸੂਨ ਨੇਪਾਲ ਵਿੱਚ ਦਾਖ਼ਲ ਹੋ ਗਿਆ ਹੈ। ਲਗਾਤਾਰ ਮੀਂਹ ਪੈਣ ਕਾਰਨ ਮੌਸਮ ਖ਼ਰਾਬ ਹੋ ਗਿਆ ਹੈ। ਇਨ੍ਹਾਂ ਪਰਬਤਾਰੋਹੀਆਂ ਵਿੱਚ ਨੇਪਾਲ ਤੋਂ ਇਲਾਵਾ ਹੋਰ ਦੇਸ਼ਾਂ ਦੇ ਨਾਗਰਿਕ ਵੀ ਸ਼ਾਮਲ ਹਨ। ਲੁਕਲਾ ਦੇ ਏਅਰ ਟ੍ਰੈਫਿਕ ਕੰਟਰੋਲਰ ਦਿਵੇਸ਼ ਦਹਿਲ ਨੇ ਕਿਹਾ ਹੈ ਕਿ 8 ਜੂਨ ਤੋਂ ਬਾਅਦ ਇਕ ਵੀ ਜਹਾਜ਼ ਨੇ ਉਡਾਣ ਨਹੀਂ ਭਰੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਲੁਕਲਾ ਦੇ ਮੌਸਮ ਵਿੱਚ ਸੁਧਾਰ ਦੇ ਕੋਈ ਸੰਕੇਤ ਨਹੀਂ ਹਨ।
ਹਵਾਈ ਅੱਡਾ ਬੰਦ ਹੋਣ ਕਾਰਨ ਲੁਕਲਾ ਦੇ ਸਾਰੇ ਹੋਟਲ ਭਰੇ ਹੋਏ ਹਨ। ਸੈਂਕੜੇ ਸੈਲਾਨੀਆਂ ਨੂੰ ਕਮਰੇ ਨਹੀਂ ਮਿਲ ਸਕੇ ਹਨ। ਸਥਾਨਕ ਪ੍ਰਸ਼ਾਸਨ ਨੇ ਅਜਿਹੇ ਲੋਕਾਂ ਨੂੰ ਹੋਮ ਸਟੇਅ ਦੀ ਸਹੂਲਤ ਦਿੱਤੀ ਹੈ। ਐਵਰੈਸਟ ਬੇਸ ਕੈਂਪ ਰਾਹੀਂ ਚੋਟੀ ‘ਤੇ ਚੜ੍ਹਨ ਲਈ ਲੁਕਲਾ ਤੋਂ ਸੈਲਾਨੀਆਂ ਨੂੰ ਲੈ ਕੇ ਜਾਣ ਵਾਲੀ ਸੋਨਾਮ ਸ਼ੇਰਪਾ ਨੇ ਦੱਸਿਆ ਕਿ ਕੁਝ ਸੈਲਾਨੀਆਂ ਨੂੰ ਨੇੜੇ ਦੇ ਸੁਰਕੇ ਹੈਲੀਪੈਡ ‘ਤੇ ਲਿਜਾਇਆ ਜਾ ਰਿਹਾ ਹੈ। ਸੁਰਕੇ ਹੈਲੀਪੈਡ ਲਈ ਲੁਕਲਾ ਤੋਂ ਦੋ ਘੰਟੇ ਦੀ ਔਖੀ ਪੈਦਲ ਯਾਤਰਾ ਕਰਨੀ ਪੈ ਰਹੀ ਹੈ। ਇੱਥੋਂ ਸਿਰਫ਼ ਪੰਜ ਲੋਕਾਂ ਨੂੰ ਹੈਲੀਕਾਪਟਰ ਵਿੱਚ ਇੱਕ ਸਮੇਂ ਵਿੱਚ ਕਾਠਮੰਡੂ ਲਿਜਾਇਆ ਜਾਂਦਾ ਹੈ। ਸੁਰਕੇ ਤੋਂ ਕਾਠਮੰਡੂ ਤੱਕ ਹੈਲੀਕਾਪਟਰ ਦਾ ਕਿਰਾਇਆ 3000 ਡਾਲਰ ਹੈ।
ਸੋਨਮ ਸ਼ੇਰਪਾ ਦਾ ਕਹਿਣਾ ਹੈ ਕਿ ਦੂਜਾ ਰਸਤਾ ਸੜਕੀ ਮਾਰਗ ਹੈ। ਇਹ ਰਸਤਾ ਔਖਾ ਹੈ। ਲੁਕਲਾ ਤੋਂ ਸੜਕਮਾਰਗ ਇੱਥੋਂ ਜੁੜਿਆ ਹੈ, ਉੱਥੇ ਪਹੁੰਚਣ ਲਈ ਪਰਬਤਰੋਹੀਆਂ ਨੂੰ ਲਗਭਗ ਚਾਰ ਘੰਟੇ ਪੈਦਲ ਸਫ਼ਰ ਕਰਨਾ ਪੈਂਦਾ ਹੈ। ਕੱਚੀ ਅਤੇ ਉੱਬੜ ਖਾਬੜ ਸੜਕ ਕਾਰਨ ਸਿਰਫ਼ ਬੋਲੈਰੋ ਅਤੇ ਸੂਮੋ ਵਰਗੇ ਵਾਹਨ ਹੀ ਚੱਲ ਰਹੇ ਹਨ। ਲੁਕਲਾ ਤੋਂ 70 ਕਿਲੋਮੀਟਰ ਦੂਰ ਥਾਮੇਡਾਂਡਾ ਹੈ। ਥਾਮੇਡਾਂਡਾ ਤੋਂ ਕਾਠਮੰਡੂ ਦਾ ਕਿਰਾਇਆ 4 ਹਜ਼ਾਰ ਰੁਪਏ ਪ੍ਰਤੀ ਵਿਅਕਤੀ ਲਿਆ ਜਾਂਦਾ ਹੈ।
ਹਿੰਦੂਸਥਾਨ ਸਮਾਚਾਰ