Riyadh: ਸਾਊਦੀ ਅਰਬ ‘ਚ ਦੁਨੀਆ ਦੇ ਸਭ ਤੋਂ ਵੱਡੇ ਧਾਰਮਿਕ ਸਥਾਨਾਂ ‘ਚੋਂ ਇਕ ਹੱਜ ਯਾਤਰਾ ‘ਤੇ ਇਸ ਵਾਰ ਭਿਆਨਕ ਗਰਮੀ ਨੇ ਤਬਾਹੀ ਮਚਾ ਦਿੱਤੀ ਹੈ। ਇਸ ਵਾਰ ਹੱਜ ਯਾਤਰਾ ਦੌਰਾਨ ਗਰਮੀ ਕਾਰਨ ਘੱਟੋ-ਘੱਟ 22 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ। ਮੌਤਾਂ ਦੀ ਗਿਣਤੀ ਵਧਣ ਨਾਲ ਹੱਜ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਸਾਊਦੀ ਅਰਬ ਸਰਕਾਰ ਦੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ। ਹਾਲਾਤ ਇਹ ਸਨ ਕਿ ਕੜਕਦੀ ਧੁੱਪ ਹੇਠ ਸ਼ਰਧਾਲੂਆਂ ਦੀਆਂ ਲਾਸ਼ਾਂ ਸੜਕ ਕਿਨਾਰੇ ਪਈਆਂ ਸਨ। ਐਤਵਾਰ ਨੂੰ ਜਾਰਡਨ ਦੀ ਨਿਊਜ਼ ਏਜੰਸੀ ਨੇ ਖਬਰ ਦਿੱਤੀ ਸੀ ਕਿ ਹੱਜ ਯਾਤਰਾ ‘ਤੇ ਗਏ ਦੇਸ਼ ਦੇ 14 ਸ਼ਰਧਾਲੂਆਂ ਦੀ ਹੀਟ ਸਟ੍ਰੋਕ ਕਾਰਨ ਮੌਤ ਹੋ ਗਈ ਹੈ। ਸਾਊਦੀ ਅਰਬ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਹੀਟ ਸਟ੍ਰੋਕ ਦੇ 2700 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ।
ਸਾਊਦੀ ਸਰਕਾਰ ਦੀ ਆਲੋਚਨਾ
ਇੱਕ ਵੀਡੀਓ ਵੀ ਵਾਇਰਲ ਹੋਇਆ ਹੈ ਜਿਸ ਵਿੱਚ ਸੜਕ ਦੇ ਡਿਵਾਈਡਰ ਅਤੇ ਫੁੱਟਪਾਥ ‘ਤੇ ਕਈ ਲਾਸ਼ਾਂ ਪਈਆਂ ਵੇਖੀਆਂ ਜਾ ਸਕਦੀਆਂ ਹਨ। ਹਾਲਾਂਕਿ ਇਸ ਵੀਡੀਓ ਦੀ ਸੁਤੰਤਰ ਸੂਤਰਾਂ ਤੋਂ ਪੁਸ਼ਟੀ ਨਹੀਂ ਹੋਈ ਹੈ। ਲੋਕ ਸੋਸ਼ਲ ਮੀਡੀਆ ‘ਤੇ ਸਾਊਦੀ ਅਰਬ ਦੀ ਵੱਡੀ ਗਿਣਤੀ ‘ਚ ਹੋਈਆਂ ਮੌਤਾਂ ਅਤੇ ਉਸ ਤੋਂ ਬਾਅਦ ਲਾਸ਼ਾਂ ਦੇ ਦੁਰ-ਪ੍ਰਬੰਧ ਨੂੰ ਲੈ ਕੇ ਆਲੋਚਨਾ ਕਰ ਰਹੇ ਹਨ। ਤੁਸੀ ਹੇਠਾਂ ਦਿੱਤੇ ਵੀਡਿਓ ਵਿੱਚ ਦੇਸ਼ ਸਕਦੇ ਹੋ ਕਿ ਕਿਸ ਤਰੀਕੇ ਨਾਲ ਸੜਕ ਕਿਨਾਰੇ ਲਾਸ਼ਾਂ ਪਇਆਂ ਹੋਇਆਂ ਹਨ।
During Hajj rituals, many Muslims die from heat and dehydration. Their bodies lie on the streets, and nobody cares. People pass by them and continue their rituals, merely covering their faces and leaving them until the authorities take their corpses.
— Brother Rachid الأخ رشيد (@BrotherRasheed) June 18, 2024
ਕਾਬਾ ਨੇੜੇ ਤਾਪਮਾਨ 50 ਤੋਂ ਪਾਰ
ਸਾਊਦੀ ਮੌਸਮ ਵਿਗਿਆਨ ਸੇਵਾ ਮੁਤਾਬਕ ਮੱਕਾ ਦੀ ਗ੍ਰੈਂਡ ਮਸਜਿਦ ‘ਚ ਸੋਮਵਾਰ ਨੂੰ ਤਾਪਮਾਨ 51.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਸ ਸਥਾਨ ‘ਤੇ ਸ਼ਰਧਾਲੂ ਕਾਬਾ ਦੀ ਪਰਿਕਰਮਾ ਕਰਦੇ ਹਨ। ਗ੍ਰੈਂਡ ਮਸਜਿਦ ਦੇ ਕੋਲ ਸਥਿਤ ਮੀਨਾ ਵਿੱਚ ਤਾਪਮਾਨ 46 ਡਿਗਰੀ ਸੈਲਸੀਅਸ ਸੀ। ਇਸ ਸਥਾਨ ‘ਤੇ, ਹੱਜ ਯਾਤਰੀਆਂ ਨੇ ਤਿੰਨ ਕੰਕਰੀਟ ਦੀਵਾਰਾਂ ‘ਤੇ ਸ਼ੈਤਾਨ ਨੂੰ ਪੱਥਰ ਮਾਰਨ ਦੀ ਰਸਮ ਅਦਾ ਕੀਤੀ। ਇੱਥੇ ਗਰਮੀ ਅਤੇ ਭੀੜ ਨੇ ਸਥਿਤੀ ਨੂੰ ਗੰਭੀਰ ਬਣਾ ਦਿੱਤਾ ਸੀ। ਸ਼ਰਧਾਲੂ ਗਰਮੀ ਤੋਂ ਬਚਣ ਲਈ ਆਪਣੇ ਸਿਰਾਂ ‘ਤੇ ਪਾਣੀ ਦੀਆਂ ਬੋਤਲਾਂ ਪਾ ਰਹੇ ਸਨ। ਸ਼ੈਤਾਨ ਨੂੰ ਪੱਥਰ ਮਾਰਨ ਦੀ ਰਸਮ ਨੂੰ ਹੱਜ ਯਾਤਰਾ ਦਾ ਅੰਤਮ ਪੜਾਅ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਸ਼ਰਧਾਲੂਆਂ ਦੀ ਹੱਜ ਯਾਤਰਾ ਸਮਾਪਤ ਹੁੰਦੀ ਹੈ।
ਕਈ ਦੇਸ਼ਾਂ ਨੇ ਮੌਤ ਦੀ ਪੁਸ਼ਟੀ ਕੀਤੀ ਹੈ
ਜੌਰਡਨ ਦੇ ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਅੱਤ ਦੀ ਗਰਮੀ ਕਾਰਨ 14 ਜਾਰਡਨ ਦੇ ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ 17 ਹੋਰ ਲਾਪਤਾ ਹਨ। ਈਰਾਨ ਨੇ ਪੰਜ ਸ਼ਰਧਾਲੂਆਂ ਦੀ ਮੌਤ ਦੀ ਸੂਚਨਾ ਦਿੱਤੀ ਹੈ ਪਰ ਕਾਰਨ ਦਾ ਖੁਲਾਸਾ ਨਹੀਂ ਕੀਤਾ ਹੈ। ਸੇਨੇਗਲ ਨੇ ਤਿੰਨ ਮੌਤਾਂ ਦੀ ਰਿਪੋਰਟ ਕੀਤੀ ਹੈ। ਸਾਊਦੀ ਅਰਬ ਵਿੱਚ ਇੰਡੋਨੇਸ਼ੀਆ ਦੇ ਸਿਹਤ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਹੱਜ ਦੌਰਾਨ 136 ਇੰਡੋਨੇਸ਼ੀਆਈ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ ਘੱਟੋ-ਘੱਟ ਤਿੰਨ ਹੀਟਸਟ੍ਰੋਕ ਨਾਲ ਸ਼ਾਮਲ ਹਨ। ਇਸ ਵਾਰ ਭਾਰਤ ਤੋਂ 1 ਲੱਖ 75 ਹਜ਼ਾਰ ਸ਼ਰਧਾਲੂ ਪਵਿੱਤਰ ਹੱਜ ਯਾਤਰਾ ਲਈ ਸਾਊਦੀ ਅਰਬ ਪੁੱਜੇ ਹਨ।
ਹਿੰਦੂਸਥਾਨ ਸਮਾਚਾਰ